ਚੰਡੀਗੜ੍ਹ: ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਦਾ ਸਵਾਲ ਹੈ। ਕੈਪਟਨ ਦਾਅਵਾ ਕਰ ਰਹੇ ਹਨ ਕਿ ਕਾਂਗਰਸ ਚਾਰੇ ਦੀਆਂ ਚਾਰੇ ਸੀਟਾਂ ਜਿੱਤੇਗੀ। ਬੇਸ਼ੱਕ ਜਨਤਾ ਵਿੱਚ ਕਾਂਗਰਸ ਪ੍ਰਤੀ ਰੋਸ ਹੈ ਪਰ ਦੂਜੀਆਂ ਪਾਰਟੀਆਂ ਦਾ ਹਾਲ ਵੀ ਕੋਈ ਬਹੁਤਾ ਠੀਕ ਨਹੀਂ। ਇਸ ਲਈ ਕੈਪਟਨ ਨੂੰ ਉਮੀਦ ਨਜ਼ਰ ਆ ਰਹੀ ਹੈ।

ਕੈਪਟਨ ਨੇ ਚੋਣਾਂ ਜਿੱਤਣ ਲਈ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਕਾਂਗਰਸ ਨੇ ਹਰੇਕ ਹਲਕੇ ਵਿੱਚ ਤਿੰਨ ਤੋਂ ਚਾਰ ਕੈਬਨਿਟ ਮੰਤਰੀਆਂ ਵੱਲੋਂ ਚੋਣ ਮੁਹਿੰਮ ਦੀ ਨਿਗਰਾਨੀ ਕਰਨ ਦਾ ਐਲਾਨ ਕੀਤਾ ਹੈ। ਹਰੇਕ ਹਲਕੇ ਵਿੱਚ 16 ਤੋਂ 18 ਵਿਧਾਇਕਾਂ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦੋ ਦਰਜਨ ਸੀਨੀਅਰ ਅਹੁਦੇਦਾਰ ਜੋ ਪਹਿਲਾਂ ਹੀ ਪਾਰਟੀ ਲਈ ਕੰਮ ਕਰ ਰਹੇ ਹਨ, ਵੀ ਮੰਤਰੀਆਂ ਦਾ ਸਾਥ ਦੇਣਗੇ।

ਕੈਪਟਨ ਨੇ ਉਮੀਦਵਾਰਾਂ ਨੂੰ ਬਕਾਇਦਾ ਅਕਾਲੀ ਦਲ ਤੇ 'ਆਪ' ਦੇ ਸਰਕਾਰ ਖਿਲਾਫ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰਨ ਤੇ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਤੇ ਪ੍ਰੋਗਰਾਮਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਲਈ ਆਖਿਆ। ਉਨ੍ਹਾਂ ਨੇ ਉਮੀਦਵਾਰਾਂ ਨੂੰ ਚੋਣ ਮੁਹਿੰਮ ਸਮੇਂ ਰੱਖਿਆਤਮਕ ਪਹੁੰਚ ਨਾ ਅਪਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਾਫੀ ਭਲਾਈ ਤੇ ਵਿਕਾਸ ਕਾਰਜ ਕੀਤੇ ਹਨ। ਇਸ ਲਈ ਵਿਰੋਧੀਆਂ ਦੇ ਪ੍ਰਚਾਰ ਦਾ ਤਿੱਖਾ ਜਵਾਬ ਦਿੱਤਾ ਜਾਏ।