ਚੰਡੀਗੜ੍ਹ: ਕਾਂਗਰਸ ਨੇ ਹੁਣ ਤੱਕ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਨੌਂ ਤੋਂ ਉਮੀਦਵਰਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿਰਫ ਸੀਟਾਂ 'ਤੇ ਉਮੀਦਵਾਰਾਂ ਦਾ ਫੈਸਲਾ ਬਾਕੀ ਹੈ। ਕਾਂਗਰਸੀ ਸੂਤਰਾਂ ਮੁਤਾਬਕ ਇਸ ਬਾਰੇ 11 ਜਾਂ 12 ਅਪਰੈਲ ਦੀ ਮੀਟਿੰਗ ਵਿੱਚ ਫ਼ੈਸਲਾ ਕਰ ਲਿਆ ਜਾਵੇਗਾ।

ਦਰਅਸਲ ਚਾਰ ਹਲਕਿਆਂ ਆਨੰਦਪੁਰ ਸਾਹਿਬ, ਸੰਗਰੂਰ, ਬਠਿੰਡਾ ਤੇ ਫਿਰੋਜ਼ਪੁਰ ਤੋਂ ਉਮੀਦਵਾਰਾਂ ਦੀ ਚੋਣ ਕਾਫੀ ਔਖੀ ਹੋ ਗਈ ਹੈ। ਬਠਿੰਡਾ ਤੇ ਫਿਰੋਜ਼ਪੁਰ ਹਲਕੇ ਤੋਂ ਬਾਦਲ ਪਰਿਵਾਰ ਦੇ ਮੈਂਬਰਾਂ ਵੱਲੋਂ ਡਟਣ ਦੀ ਰਣਨੀਤੀ ਕਰਕੇ ਕਾਂਗਰਸ ਅਜੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਦੀ ਉਡੀਕ ਕਰ ਰਹੀ ਹੈ। ਇਸ ਤੋਂ ਇਲਾਵਾ ਆਨੰਦਪੁਰ ਸਾਹਿਬ ਤੇ ਸੰਗਰੂਰ ਤੋਂ ਟਿਕਟ ਲਈ ਕਈ ਦਾਅਵੇਦਾਰ ਹੋਣ ਕਰਕੇ ਫੈਸਲਾ ਨਹੀਂ ਹੋ ਸਕਿਆ।

ਆਨੰਦਪੁਰ ਸਾਹਿਬ ਤੋਂ ਕਈ ਦਾਅਵੇਦਾਰ

ਸੂਤਰਾਂ ਮੁਤਾਬਕ ਆਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਮੁਨੀਸ਼ ਤਿਵਾੜੀ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੇ ਪੁੱਤਰ ਯਾਦਵਿੰਦਰ ਸਿੰਘ ਕੰਗ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵਿਚਾਲੇ ਮਾਮਲਾ ਫਸਿਆ ਹੋਇਆ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਹਲਕੇ ਤੋਂ ਸਾਬਕਾ ਕੇਂਦਰੀ ਮੰਤਰੀ ਨੂੰ ਟਿਕਟ ਦੇਣ ਦੇ ਹੱਕ ਵਿੱਚ ਹਨ ਪਰ ਹਾਈਕਮਾਨ ਵਿੱਚ ਕਈ ਲੀਡਰ ਇਸ ਗੱਲ ਦੇ ਹੱਕ ਵਿੱਚ ਨਹੀਂ। ਹਾਈਕਮਾਨ ਇਸ ਗੱਲ਼ ਤੋਂ ਵੀ ਖਫਾ ਹੈ ਕਿ ਮਨੀਸ਼ ਤਿਵਾੜੀ ਨੇ ਪਿਛਲੀ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵੀ ਚਰਚਾ ਹੈ ਕਿ ਹਾਈਕਮਾਨ ਮਨੀਸ਼ ਤਿਵਾੜੀ ਨੂੰ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਸੋਚ ਰਹੀ ਹੈ।

ਸੰਗਰੂਰ ਤੋਂ ਵੱਡੇ ਚਿਹਰੇ 'ਤੇ ਦਾਅ

ਇਸੇ ਤਰ੍ਹਾਂ ਸੰਗਰੂਰ ਤੋਂ ਵੀ ਦਿਲਚਸਪ ਸਥਿਤੀ ਹੈ ਤੇ ਕਾਂਗਰਸ ਹਾਈਕਮਾਂਡ ਦਾ ਸਰਵੇਖਣ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਹੱਕ ਵਿੱਚ ਹੈ ਪਰ ਮੁੱਖ ਮੰਤਰੀ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਹਨ। ਕਾਂਗਰਸੀ ਹਾਈਕਮਾਨ ਦਾ ਵੀ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਦੇ ਬਰਾਬਰ ਕੱਦਾਵਰ ਲੀਡਰ ਉਤਾਰਿਆ ਜਾਵੇ ਤਾਂ ਜੋ ਪਿਛਲੀ ਵਾਰ ਖੁੱਸੀ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਜਾ ਸਕੇ।

ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਟੱਕਰਣ ਦੀ ਰਣਨੀਤੀ

ਬਠਿੰਡਾ ਤੋਂ ਉਮੀਦਵਾਰ ਨੂੰ ਲੈ ਕੇ ਰੇੜਕਾ ਜਾਰੀ ਹੈ। ਬਠਿੰਡਾ 'ਚ ਜਿੱਤ ਨਾਲੋਂ ਬਾਦਲ ਪਰਿਵਾਰ ਨੂੰ ਹਰਾਉਣਾ ਵੱਡਾ ਸਵਾਲ ਬਣਿਆ ਹੋਇਆ ਹੈ। ਸਾਰੀਆਂ ਸਿਆਸੀ ਧਿਰਾਂ ਦਾ ਇਸ ਗੱਲ਼ ਲਈ ਪੂਰਾ ਜ਼ੋਰ ਲੱਗਾ ਹੋਇਆ ਹੈ। ਕਾਂਗਰਸ ਵੀ ਆਪਣੇ ਕਿਸੇ ਵੱਡੇ ਲੀਡਰ ਨੂੰ ਇੱਥੋਂ ਉਤਾਰਣਾ ਚਾਹੁੰਦੀ ਹੈ। ਕਾਂਗਰਸ ਡਾ. ਨਵਜੋਤ ਕੌਰ ਸਿੱਧੂ, ਰਾਜਾ ਵੜਿੰਗ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਚੋਂ ਕਿਸੇ ਇੱਕ ਨੂੰ ਟਿਕਟ ਦੇਣ ਦੇ ਹੱਕ ਵਿੱਚ ਹੈ। ਹਾਈਕਮਾਨ ਨੇ ਸਾਬਕਾ ਮੰਤਰੀ ਮਨੀਸ਼ ਤਿਵਾੜੀ ਨੂੰ ਵੀ ਪੁੱਛਿਆ ਹੈ ਕਿ ਕੀ ਉਹ ਬਠਿੰਡਾ ਤੋਂ ਚੋਣ ਲੜਨ ਲਈ ਤਿਆਰ ਹਨ।

ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਪੱਤੇ ਖੁੱਲ੍ਹਣ ਦੀ ਉਡੀਕ

ਚੌਥਾ ਹਲਕਾ ਫਿਰੋਜ਼ਪੁਰ ਹੈ ਜਿਸ ਬਾਰੇ ਚਰਚਾ ਹੈ ਕਿ ਸੁਖਬੀਰ ਬਾਦਲ ਖੁਦ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ ਲਈ ਕਾਂਗਰਸ ਵੀ ਅਜੇ ਅਕਾਲੀ ਦਲ ਦੀ ਰਣਨੀਤੀ ਵੇਖ ਰਹੀ ਹੈ। ਉਂਝ ਅਜੇ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਤੇ ਰਾਣਾ ਗੁਰਮੀਤ ਸਿੰਘ ਸੋਢੀ ਵਿਚਾਲੇ ਪੇਚ ਫਸਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਸੁਖਬੀਰ ਬਾਦਲ ਮੈਦਾਨ ਵਿੱਚ ਆਉਂਦੇ ਹਨ ਤਾਂ ਕਾਂਗਰਸ ਵੀ ਵੱਡਾ ਦਾਅ ਖੇਡ ਸਕਦੀ ਹੈ।