ਚੰਡੀਗੜ੍ਹ: ਕਾਂਗਰਸ ਲੋਕ ਸਭਾ ਚੋਣਾਂ ਦਾ ਮੁੱਖ ਬਿੰਦੂ ਬੇਅਦਬੀ ਕਾਂਡ ਹੀ ਬਣਾਉਣਾ ਚਾਹੁੰਦੀ ਹੈ। ਬੇਅਦਬੀ ਮਾਮਲੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਤੇ ਵਾਅਦਿਆਂ ਤੋਂ ਬਾਅਦ ਕਾਂਗਰਸ ਹੁਣ 15 ਮਈ ਨੂੰ ਵੱਡਾ ਦਾਅ ਖੇਡਣ ਜਾ ਰਹੀ ਹੈ। ਕਾਂਗਰਸ ਬਰਗਾੜੀ ਪਿੰਡ ਵਿੱਚ 15 ਮਈ ਨੂੰ ਰਾਹੁਲ ਗਾਂਧੀ ਦੀ ਚੋਣ ਰੈਲੀ ਕਰ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਪਾਰਟੀ ਦੇ ਕਈ ਵੱਡੇ ਆਗੂ ਪਹੁੰਚ ਰਹੇ ਹਨ।

ਕਾਂਗਰਸ ਦੀ ਇਸ ਰਣਨੀਤੀ ਤੋਂ ਅਕਾਲੀ ਦਲ ਵੀ ਫਿਕਰਮੰਦ ਹੈ। ਇਸ ਲਈ ਮੋਦੀ ਵਿੱਚ ਹੋ ਰਹੀ ਮੋਦੀ ਦੀ ਰੈਲੀ ਵਿੱਚ ਅਕਾਲੀ ਦਲ ਵੱਲੋਂ ਚੁਰਾਸੀ ਕਤਲੇਆਮ ਦਾ ਮੁੱਦਾ ਜ਼ੋਰਸ਼ੋਰ ਨਾਲ ਉਭਰਨ ਦੀ ਰਣਨੀਤੀ ਬਣਾਈ ਗਈ ਹੈ। ਕੁੱਲ ਮਿਲਾ ਕੇ ਅਗਲੇ ਦਿਨਾਂ ਦੀ ਸਿਆਸਤ ਸਿੱਖ ਤੇ ਪੰਥਕ ਭਾਵਨਾਵਾਂ 'ਤੇ ਹੀ ਕੇਂਦਰਤ ਹੋਣ ਜਾ ਰਹੀ ਹੈ। ਇਸ ਲਈ ਅਕਾਲੀ ਦਲ ਨੇ ਵੀ ਕਾਂਗਰਸ ਦੇ ਟਾਕਰੇ ਦੀ ਤਿਆਰੀ ਕਰ ਲਈ ਹੈ।

ਬਰਗਾੜੀ ਵਿੱਚ ਰੈਲੀ ਲਈ ਪੰਜਾਬ ਕਾਂਗਰਸ ਇਸ ਤੋਂ ਪਹਿਲਾਂ ਕਈ ਵਾਰ ਤਿਆਰੀਆਂ ਕਰ ਚੁੱਕੀ ਹੈ। ਪੰਜਾਬ ਦੀ ਲੀਡਰਸ਼ਿਪ ਬਰਗਾੜੀ ਰੈਲੀ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਸ਼ਾਮਲ ਕਰਕੇ ਬੇਅਦਬੀ ਦੇ ਮਾਮਲੇ ਨੂੰ ਹੋਰ ਉਭਾਰਣਾ ਚਾਹੁੰਦੀ ਹੈ। ਇਸ ਲਈ ਬਰਗਾੜੀ ਅਹਿਮ ਸਥਾਨ ਹੈ।

ਯਾਦ ਰਹੇ ਅਕਾਲੀ-ਭਾਜਪਾ ਸਰਕਾਰ ਸਮੇਂ 2015 ਦੌਰਾਨ ਬੇਅਦਬੀ ਨਾਲ ਸਬੰਧਤ ਘਟਨਾਵਾਂ ਬਰਗਾੜੀ ਤੇ ਇਸ ਦੇ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਹੋਈਆਂ ਤੇ ਬਹਿਬਲ ਕਲਾਂ ਵਿੱਚ ਗੋਲੀ ਕਾਂਡ ਵਾਪਰਿਆ ਸੀ। ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਸਬੰਧੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਕਰੀਬ ਸਾਢੇ ਛੇ ਮਹੀਨੇ ਇਸ ਪਿੰਡ ਵਿੱਚ ਬਰਗਾੜੀ ਇਨਸਾਫ਼ ਮੋਰਚਾ ਵੀ ਲੱਗਾ ਰਿਹਾ।