ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਦੇ ਕੌਮੀ ਅਦਾਰੇ ਨੇ 'ਚੈਂਪੀਅਨ ਆਫ ਦ ਚੇਜ਼ ਪੰਥਦੀਪ ਸਿੰਘ' ਸਿਰਲੇਖ ਅਧੀਨ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਇਸ ਫ਼ਿਲਮ ਦਾ ਤਕਰੀਬਨ ਢਾਈ ਮਿੰਟ ਦਾ ਟ੍ਰੇਲਰ ਵੀ ਯੂ ਟਿਊਬ 'ਤੇ ਜਾਰੀ ਕਰ ਦਿੱਤਾ ਗਿਆ ਹੈ। ਫ਼ਿਲਮ ਵਿੱਚ 27 ਸਾਲ ਦੇ ਸਰਪੰਚ ਪੰਥਦੀਪ ਸਿੰਘ ਤੇ ਉਸ ਦੇ ਪਿੰਡ ਦੇ ਬਦਲਾਅ ਦੀ ਕਹਾਣੀ ਹੈ।
ਪੰਥਦੀਪ ਸਿੰਘ ਨੇ ਐਮਬੀਏ ਦੀ ਡਿਗਰੀ ਕੀਤੀ ਹੋਈ ਹੈ। ਉਹ ਆਪਣੇ ਪਿੰਡ ਲਈ ਪੰਚਾਇਤੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਉਹ 6,00,000 ਰੁਪਏ ਦੇ ਪੈਕੇਜ ਵਾਲੀ ਪ੍ਰਾਈਵੇਟ ਜੌਬ ਤੇ ਆਸਟ੍ਰੇਲੀਆ ਜਿਹੇ ਸੁਹਣੇ ਦੇਸ਼ ਨੂੰ ਛੱਡ ਕੇ ਆਪਣੇ ਪਿੰਡ ਦੀ ਸੇਵਾ ਵਿੱਚ ਜੁਟ ਗਏ। ਪੰਥਦੀਪ ਨੇ ਸਾਲ 2014 ਵਿੱਚ ਪਿੰਡ ਦੀ ਦੁਰਦਸ਼ਾ ਦੇਖ ਕੇ ਸੁਧਾਰ ਕਰਨ ਲਈ ਕਦਮ ਚੁੱਕੇ ਸਨ।
ਪਿੰਡ ਵਾਸੀਆਂ ਨੂੰ ਉਸ ਦਾ ਕੰਮ ਇੰਨਾ ਪਸੰਦ ਆਇਆ ਕਿ ਅਗਲਾ ਸਰਪੰਚ ਉਸੇ ਨੂੰ ਬਣਾਉਣ ਦਾ ਐਲਾਨ ਕਰ ਦਿੱਤਾ। ਦਸੰਬਰ 2018 ਵਿੱਚ ਪੰਥਦੀਪ ਦੀ ਸਰਕਾਰੀ ਨੌਕਰੀ ਲੱਗੀ ਪਰ ਚੋਣ ਲੜਨ ਕਾਰਨ ਉਨ੍ਹਾਂ ਨੂੰ ਛੱਡਣੀ ਪਈ। ਛੀਨਾ ਪਿੰਡ ਵਿੱਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਰੁਪਏ ਦੱਸਿਆ ਗਿਆ ਸੀ ਪਰ ਪੰਥਦੀਪ ਨੇ ਇਹ ਕੰਮ ਸਿਰਫ ਅੱਠ ਲੱਖ ਰੁਪਏ ਵਿੱਚ ਹੀ ਕਰਵਾ ਦਿੱਤਾ। ਪੰਥਦੀਪ ਨੂੰ ਕੇਂਦਰ ਸਰਕਾਰ ਨੇ ਨੌਜਵਾਨ ਤੇ ਅਗਾਂਹਵਧੂ ਸਰਪੰਚ ਵਜੋਂ ਕੌਮੀ ਪੁਰਸਕਾਰ ਨਾਲ ਸਨਮਾਨਤ ਵੀ ਕਰ ਚੁੱਕੀ ਹੈ। ਹੁਣ ਪੰਥਦੀਪ ਦੀ ਸਫਲਤਾ ਦੀ ਕਹਾਣੀ ਪੂਰੀ ਦੁਨੀਆ ਦੇਖੇਗੀ।
ਦੇਖੋ ਟ੍ਰੇਲਰ-