ਚੰਡੀਗੜ੍ਹ: ਨਗਰ ਨਿਗਮ ਤੇ ਕੌਂਸਲ ਚੋਣਾਂ 'ਚ ਬਾਹਰੋਂ ਆਏ ਲੋਕਾਂ ਨੂੰ ਟਿਕਟਾਂ ਦੇਣ ਦੇ ਮਸਲੇ 'ਤੇ ਕਾਂਗਰਸ 'ਚ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਦਾ ਇੱਕ ਧੜਾ ਇਸ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦੀ ਰਣਨੀਤੀ ਬਣਾ ਰਿਹਾ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਵਾਲੇ ਨਵੇਂ ਹੋਣਹਾਰ ਲੀਡਰਾਂ ਨੂੰ ਵੀ ਟਿਕਟਾਂ ਦੇਵਾਂਗੇ।

ਇਸ ਧੜੇ ਮੁਤਾਬਕ ਦੇ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 10 ਸਾਲ ਪਾਰਟੀ ਲਈ ਸੰਘਰਸ਼ ਕੀਤਾ। ਹੁਣ ਜਦੋਂ ਪਾਰਟੀ ਸੱਤਾ 'ਚ ਆਈ ਹੈ ਤਾਂ ਬਾਹਰ ਦੇ ਲੋਕ ਚੌਧਰ ਸੰਭਾਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਨੂੰ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚਾਉਣਗੇ ਤਾਂ ਕਿ ਪਾਰਟੀ ਦੇ ਵਰਕਰ ਨਿਰਾਸ਼ ਨਾ ਹੋਣ।

ਦਰਅਸਲ ਪਿਛਲੇ ਦਿਨਾਂ ਜਾਖੜ ਪ੍ਰਧਾਨ ਹੋਣ ਨਾਤੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਕਾਂਗਰਸ 'ਚ ਸ਼ਾਮਲ ਕਰ ਰਹੇ ਹਨ। ਪਿਛਲੇ ਦਿਨੀਂ ਚੰਡੀਗੜ੍ਹ 'ਚ ਉਨ੍ਹਾਂ ਆਪਣਾ ਪੰਜਾਬ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੂੰ ਕਾਂਗਰਸ 'ਚ ਸ਼ਾਮਲ ਕੀਤਾ ਸੀ। ਉਸ ਸਮੇਂ ਵੀ ਉਨ੍ਹਾਂ ਲੀਡਰਾਂ ਨੂੰ ਪਾਰਟੀ 'ਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ ਸੀ। ਕਾਂਗਰਸ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਵਰਕਰ ਪਾਰਟੀ ਤੋਂ ਕੋਈ ਬਹੁਤਾ ਖੁਸ਼ ਨਹੀਂ। ਵਰਕਰਾਂ ਨੂੰ ਲੱਗਦਾ ਹੈ ਕਿ ਸਾਡੇ ਕੰਮ ਨਹੀਂ ਹੋ ਰਹੇ। ਇਸ ਦੇ ਨਾਲ ਹੀ ਸਾਨੂੰ ਜੋ ਪਾਰਟੀ 'ਚ ਅਹੁਦੇਦਾਰੀਆਂ ਮਿਲੀਆਂ ਸੀ, ਉਹ ਸਰਕਾਰ 'ਚ ਨਹੀਂ ਮਿਲ ਰਹੀਆਂ।

ਦੱਸਣਯੋਗ ਹੈ ਕਿ ਚੋਣਾਂ 'ਚ ਕਾਂਗਰਸ ਨੇ ਰਿਓੜੀਆਂ ਵਾਂਗ ਅਹੁਦੇਦਾਰੀਆਂ ਵੰਡੀਆਂ ਸੀ। ਇਸ ਤੋਂ ਬਾਅਦ ਕਈ ਛੋਟੇ ਲੀਡਰ ਵੀ ਬਹੁਤ ਵੱਡੇ ਅਹੁਦਿਆਂ 'ਤੇ ਪਹੰਚੇ ਸਨ। ਉਦੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਇਹ ਸਭ ਕੀਤਾ ਸੀ। ਹੁਣ ਉਹ ਚੀਜ਼ ਪਾਰਟੀ ਲਈ ਸਮੱਸਿਆ ਬਣ ਰਹੀ ਹੈ ਤੇ ਕਾਂਗਰਸ ਦੇ ਸਥਾਨਕ ਪੱਧਰ ਦੇ ਲੀਡਰ ਤੇ ਵਰਕਰ ਪਾਰਟੀ ਤੋਂ ਨਿਰਾਸ਼ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤ ਉਮੀਦਾਂ ਸਨ।