ਕੈਪਟਨ ਦੇ ਤਿੰਨ ਸਾਲਾ ਰਾਜ ਤੋਂ ਹੀ ਅੱਕੇ ਕਾਂਗਰਸੀ, ਉੱਠਣ ਲੱਗੇ ਵੱਡੇ ਸਵਾਲ
ਏਬੀਪੀ ਸਾਂਝਾ | 11 Dec 2019 04:52 PM (IST)
ਪੰਜਾਬ ਦੀ ਕੈਪਟਨ ਸਰਕਾਰ ਤੋਂ ਕਾਂਗਰਸੀ ਹੀ ਖੁਸ਼ ਨਹੀਂ ਹਨ। ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ ਹੇਠਲੇ ਵਰਕਰ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਇਹ ਰੋਸ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਆਮ ਵਰਕਰਾਂ ਦੇ ਸਵਾਲਾਂ ਦਾ ਜਵਾਬ ਜਾਖੜ ਕੋਲ ਵੀ ਨਹੀਂ ਤੇ ਉਹ ਸੀਐਮ ਸਾਬ ਨਾਲ ਗੱਲ ਕਰਨਗੇ, ਕਹਿ ਕੇ ਖਹਿੜਾ ਛੁਡਾ ਰਹੇ ਹਨ।
ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਤੋਂ ਕਾਂਗਰਸੀ ਹੀ ਖੁਸ਼ ਨਹੀਂ ਹਨ। ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ ਹੇਠਲੇ ਵਰਕਰ ਵੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਇਹ ਰੋਸ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਾਰਟੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਿਹਾ ਹੈ। ਆਮ ਵਰਕਰਾਂ ਦੇ ਸਵਾਲਾਂ ਦਾ ਜਵਾਬ ਜਾਖੜ ਕੋਲ ਵੀ ਨਹੀਂ ਤੇ ਉਹ ਸੀਐਮ ਸਾਬ ਨਾਲ ਗੱਲ ਕਰਨਗੇ, ਕਹਿ ਕੇ ਖਹਿੜਾ ਛੁਡਾ ਰਹੇ ਹਨ। ਦਰਅਸਲ ਪਟਿਆਲਾ ਜ਼ਿਲ੍ਹੇ ਦੇ ਵਿਧਾਇਕਾਂ ਦੀ ਬਗਾਵਤ ਮਗਰੋਂ ਜਾਖੜ ਨੇ ਪਾਰਟੀ ਵਰਕਰਾਂ ਕੋਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਫੀਡ ਬੈਕ ਲੈਣ ਦੇ ਪ੍ਰੋਗਰਾਮ ਉਲੀਕਿਆ ਹੈ। ਉਹ ਜ਼ਿਲ੍ਹਾ ਪੱਧਰ 'ਤੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਖਾਸ ਗੱਲ਼ ਹੈ ਕਿ ਆਮ ਵਰਕਰ ਬਰਗਾੜੀ, ਚਿੱਟਾ, ਟਰਾਂਸਪੋਰਟ, ਰੇਤ ਮਾਫੀਆ ਤੇ ਨੀਲੇ ਕਾਰਡਾਂ ਦੀ ਥਾਂ ਸਮਾਰਟ ਕਾਰਡ ਬਣਾਏ ਜਾਣ ਦੇ ਮੁੱਦੇ ਉਠਾ ਰਹੇ ਹਨ। ਕੈਪਟਨ ਨੇ ਇਨ੍ਹਾਂ ਮੁੱਦਿਆਂ 'ਤੇ ਹੀ ਅਕਾਲੀ ਦਲ ਨੂੰ ਭੰਡ ਕੇ ਸਰਕਾਰ ਬਣਾਈ ਸੀ। ਸੂਤਰਾਂ ਮੁਤਾਬਕ ਕਾਂਗਰਸ ਦੀ ਹੇਠਲੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਤਿੰਨ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਦਫਤਰਾਂ ’ਚ ਪਾਰਟੀ ਵਰਕਰਾਂ ਦੀ ਪੁੱਛਗਿੱਛ ਨਹੀਂ ਹੋ ਰਹੀ ਤੇ ਖਾਸ ਕਰਕੇ ਥਾਣਿਆਂ ਵਿੱਚ ਅੱਜ ਵੀ ‘ਜਥੇਦਾਰਾਂ’ ਦੀ ਸੁਣਵਾਈ ਹੋ ਰਹੀ ਹੈ। ਪਾਰਟੀ ਵਰਕਰਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਸੂਬੇ ਵਿੱਚ ਸਰਕਾਰ ਬਦਲ ਗਈ ਹੈ। ਪਿਛਲੇ ਦਿਨੀਂ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਬਲਾਕ ਸਮਿਤੀ ਆਦਮਪੁਰ ਦੇ ਚੇਅਰਮੈਨ ਸਤਨਾਮ ਸਿੰਘ ਤੇ ਨਕੋਦਰ ਦੇ ਜਸਵੀਰ ਸਿੰਘ ਬੱਲ ਨੇ ਬੇਅਦਬੀ ਤੇ ਬਰਗਾੜੀ ਦੇ ਮੁੱਦੇ ਉਠਾਉਂਦਿਆਂ ਕਿਹਾ ਸੀ ਕਿ ਇਹ ਅਜਿਹੇ ਮੁੱਦੇ ਹਨ ਜਿਨ੍ਹਾਂ ਨਾਲ ਸਮੁੱਚੇ ਪੰਜਾਬ ਦੇ ਲੋਕ ਜੁੜੇ ਹੋਏ ਹਨ। ਜੇਕਰ ਇਨ੍ਹਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਜਿਵੇਂ 2017 ਵਿੱਚ ਅਕਾਲੀਆਂ ਦਾ ਹਸ਼ਰ ਹੋਇਆ ਉਹੀ ਹਾਲ 2022 ਦੀਆਂ ਚੋਣਾਂ ਵਿਚ ਕਾਂਗਰਸ ਦਾ ਹੋਵੇਗਾ। ਇਹੀ ਗੱਲ ਪਿਛਲੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਰੇਆਮ ਸਟੇਜ ਤੋਂ ਕਹੀ ਸੀ।