ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵਿਸ਼ੇਸ਼ ਉਡਾਨ ਜਲਦ
ਏਬੀਪੀ ਸਾਂਝਾ | 10 Nov 2018 05:37 PM (IST)
ਬਠਿੰਡਾ: ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ ਲਈ ਹੁਣ ਬਠਿੰਡਾ ਤੋਂ ਬਾਰਸਤਾ ਦਿੱਲੀ ਖ਼ਾਸ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਇੰਡੀਆ ਆਉਣ ਵਾਲੀ 19 ਨਵੰਬਰ ਤੋਂ ਦਿੱਲੀ-ਨਾਂਦੇੜ ਸਾਹਿਬ ਲਈ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ ਜੋ ਕੁਨੈਕਟਿਡ ਫਲਾਈਟ ਵਜੋਂ ਬਠਿੰਡਾ ਹਵਾਈ ਅੱਡੇ ਨਾਲ ਜੁੜੇਗੀ। ਦਰਅਸਲ, ਬਠਿੰਡਾ ਤੋਂ ਦਿੱਲੀ ਚੱਲ ਰਹੀ ਹਵਾਈ ਉਡਾਣ ਦਾ ਸਮਾਂ ਦਿੱਲੀ ਤੋਂ ਨਾਂਦੇੜ ਸਾਹਿਬ ਦੀ ਉਡਾਣ ਨਾਲ ਮੇਲ ਖਾ ਰਿਹਾ ਹੈ। ਇਸ ਲਈ ਹੁਣ ਬਠਿੰਡਾ ਤੋਂ ਹੀ ਹਜ਼ੂਰ ਸਾਹਿਬ ਤਕ ਦੀ ਸਿੱਧੀ ਟਿਕਟ ਖਰੀਦੀ ਜਾ ਸਕਦੀ ਹੈ। ਹਾਲਾਂਕਿ, ਇਹ ਸੇਵਾ ਸਿਰਫ਼ ਜਾਣ ਲਈ ਹੈ, ਪਰ ਵਾਪਸੀ ਲਈ ਹਵਾਈ ਜਹਾਜ਼ ਰਾਹੀਂ ਦਿੱਲੀ ਤਕ ਹੀ ਆਉਣਾ ਸੰਭਵ ਹੈ। ਖ਼ਬਰਾਂ ਹਨ ਕਿ ਏਅਰ ਇੰਡੀਆ ਚੰਡੀਗੜ੍ਹ ਤੋਂ ਬਾਰਸਤਾ ਦਿੱਲੀ, ਨਾਂਦੇੜ ਸਾਹਿਬ ਲਈ ਵੀ ਕੁਨੈਕਟਿਡ ਉਡਾਣ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਏਅਰ ਇੰਡੀਆ ਦਾ ਜਹਾਜ਼ ਸਵੇਰੇ 11:10 ਵਜੇ ਉੱਡਦਾ ਹੈ ਅਤੇ ਬਾਅਦ ਦੁਪਹਿਰ 12:10 'ਤੇ ਦਿੱਲੀ ਪੁੱਜ ਜਾਂਦਾ ਹੈ। ਅੱਗੇ ਦਿੱਲੀ ਤੋਂ ਨਾਂਦੇੜ ਸਾਹਿਬ ਲਈ ਉਡਾਣ ਦਾ ਸਮਾਂ ਬਾਅਦ ਦੁਪਹਿਰ 3:20 ਵਜੇ ਦਾ ਹੈ। ਮਾਲਵੇ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਹਾ ਮਿਲੇਗਾ।