ਲੰਡਨ: ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਦੇ ਸਮਿੱਥਵਿਕ ਕਸਬੇ ਵਿੱਚ ਬੀਤੀ ਚਾਰ ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਦੇ ਸਿੱਖ ਸਿਪਾਹੀ ਦੇ ਸਥਾਪਤ ਕੀਤੇ ਬੁੱਤ ਦੀ ਬੇਕਦਰੀ ਕੀਤੀ ਗਈ ਹੈ। ਇਸ ਬੁੱਤ ਨੂੰ ਲਗਾਏ ਗਏ ਨੂੰ ਹਾਲੇ ਇੱਕ ਹਫ਼ਤਾ ਵੀ ਪੂਰਾ ਨਹੀਂ ਸੀ ਹੋਇਆ ਅਤੇ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ ਹੈ।


ਯੂਕੇ ਦੇ ਹਫਿੰਗਟਨ ਪੋਸਟ ਦੇ ਪੱਤਕਾਰ ਅਮਰਦੀਪ ਬੱਸੀ ਵੱਲੋਂ ਟਵੀਟ ਕੀਤੀਆਂ ਤਸਵੀਰਾਂ ਵਿੱਚ ਬੁੱਤ 'ਤੇ ਲਿਖੇ ਸ਼ਬਦਾਂ ਨੂੰ ਕਾਲ਼ੀ ਸਿਆਹੀ ਲਾ ਕੇ ਮਿਟਾਇਆ ਗਿਆ ਹੈ। ਪਹਿਲੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਲਈ ਲੜੇ ਸਿੱਖ ਸਿਪਾਹੀਆਂ ਦੇ ਸਤਿਕਾਰ ਵਜੋਂ ਸਥਾਪਤ ਕੀਤੇ ਬੁੱਤ 'ਤੇ ਲਿਖੇ 'ਮਹਾਨ ਜੰਗ ਦੇ ਸ਼ੇਰ' (‘Lions of the Great War’) ਕਥਨ ਦੇ ਸ਼ਬਦਾਂ ਨੂੰ ਮਿਟੇ ਕੇ ਕਾਲੀ ਸਿਆਹੀ ਨਾਲ ਅੰਗਰੇਜ਼ੀ ਵਿੱਚ, 'ਸਿਪਾਹੀ ਨਹੀਂ ਰਿਹਾ' ਅਤੇ '1 ਜਰਨੈਲ' ਲਿਖਿਆ ਗਿਆ ਹੈ।

ਜਰਨੈਲ ਸ਼ਬਦ ਤੋਂ ਅਜਿਹਾ ਜਾਪਦਾ ਹੈ ਕਿ ਕਿਸੇ ਸਿੱਖ ਨੇ ਹੀ ਵਿਰੋਧ ਵਿੱਚ ਲਿਖਿਆ ਹੈ। ਹੋ ਸਕਦਾ ਹੈ ਸਿੱਖ ਨੂੰ ਸਿਪਾਹੀ ਦੇ ਰੈਂਕ ਵਜੋਂ ਦਿਖਾਏ ਜਾਣ 'ਤੇ ਕੋਈ ਗੁੱਸਾ ਖਾ ਗਿਆ ਹੋਵੇ ਅਤੇ ਆਪਣੇ ਰੋਸ ਪ੍ਰਗਟਾਵਾ ਕੀਤਾ ਹੋਵੇ। ਜੇਕਰ ਇਸ ਨੂੰ 'ਸਿਪਾਹੀ ਨਹੀਂ ਰਿਹਾ' ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਜਰਨੈਲ, ਜਰਨੈਲ ਸਿੰਘ ਭਿੰਡਰਾਂਵਾਲੇ ਵੀ ਹੋ ਸਕਦਾ ਹੈ। ਲਿਖਣ ਵਾਲੇ ਦੇ ਮਕਸਦ ਇਹ ਵੀ ਹੋ ਸਕਦਾ ਹੈ ਕਿ ਸਿੱਖ ਸਿਪਾਹੀ ਨਹੀਂ ਰਹੇ ਬਲਕਿ ਜਰਨੈਲ ਬਣ ਚੁੱਕੇ ਹਨ।



ਸਥਾਨਕ ਮੀਡੀਆ ਮੁਤਾਬਕ ਬੀਤੀ ਰਾਤ ਬੁੱਤ 'ਤੇ ਲਿਖੀਆਂ ਗੱਲਾਂ ਨੂੰ ਮਿਟੇ ਦਿੱਤਾ ਗਿਆ ਹੈ। ਇਹ ਬੁੱਤ ਸਮਿੱਥਵਿਕ ਗੁਰੂਦੁਆਰੇ ਦੇ ਬਾਹਰ ਸਥਾਪਤ ਕੀਤਾ ਗਿਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਇਹ ਘਟਨਾ ਤੋਂ ਦੁਖ਼ੀ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਕਾਲੀ ਸਿਆਹੀ 'ਚ ਲਿਖੀਆਂ ਗੱਲਾਂ ਨੂੰ ਮਿਟਾ ਦਿੱਤਾ ਗਿਆ ਹੈ। ਅਮਰਦੀਪ ਬੱਸੀ ਮੁਤਾਬਕ ਪੁਲਿਸ ਨੇ ਕਾਂਸੇ ਦੇ ਬਣੇ 10 ਫੁੱਟ ਉੱਚੇ ਇਸ ਬੁੱਤ ਨਾਲ ਕੀਤੀ ਗਈ ਛੇੜਖਾਨੀ ਨੂੰ ਅਪਰਾਧਿਕ ਗਤੀਵਿਧੀ ਵਜੋਂ ਦੇਖ ਰਹੀ ਹੈ।