ਸ਼ੰਘਾਈ: ਚੀਨ ਵਿੱਚ ਸਰਕਾਰੀ ਕੰਟਰੋਲ ਵਾਲੇ ਟੀਵੀ ਚੈਨਲਾਂ ’ਤੇ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ ਨਾਲ ਲੈਸ ਦੋ ਨਕਲੀ ਐਂਕਰਾਂ ਨੇ ਖ਼ਬਰਾਂ ਪੜ੍ਹੀਆਂ। ਚੀਨ ਦੀ ਖ਼ਬਰ ਏਜੰਸੀ ਜ਼ਿਨਹੁਆ ਨੇ ਇਸ ਹਫਤੇ ਤੋਂ ਇਸਦੀ ਸ਼ੁਰੂਆਤ ਕੀਤੀ ਹੈ। ਏਜੰਸੀ ਨੇ ਇਸਨੂੰ ਵਿਸ਼ਵ ਵਿੱਚ ਇਸ ਤਰ੍ਹਾਂ ਦਾ ਪਹਿਲਾ ਪ੍ਰੋਗਰਾਮ ਕਰਾਰ ਦਿੱਤਾ ਹੈ।

ਸਰਕਾਰ ਦੁਆਰਾ ਅਤਿ ਆਧੁਨਿਕ ਤਕਨਾਲੋਜੀ ’ਤੇ ਜ਼ੋਰ ਦੇਣ ਬਾਅਦ ਜ਼ਿਨਹੁਆ ਨੇ ਇਹ ਪਹਿਲ ਕੀਤੀ ਹੈ। ਜ਼ਿਨਹੁਆ ਏਜੰਸੀ ਨੇ ਦੱਸਿਆ ਕਿ ਚੀਨੀ ਭਾਸ਼ਾ ਤੇ ਅੰਗਰੇਜ਼ੀ ਲਈ 'ਏਆਈ ਸਿੰਥੈਟਿਕ ਐਂਕਰਾਂ' ਨੂੰ ਬੀਜਿੰਗ ਦੀ ਸੋਘੋਊ ਇੰਕ ਨਾਲ ਮਿਲ ਕੇ ਵਿਕਸਿਤ ਕੀਤਾ ਗਿਆ ਹੈ। ਖ਼ਬਰ ਏਜੰਸੀ ਨੇ ਦੱਸਿਆ ਕਿ ਇਹ ਨਕਲੀ ਐਂਕਰ ਇਨਸਾਨਾਂ ਦੇ ਮੁਕਾਬਲੇ ਕਈ ਗੁਣਾ ਬਿਹਤਰ ਹਨ।



ਇਹ ਨਕਲੀ ਐਂਕਰ ਲਗਾਤਾਰ 24 ਘੰਟੇ ਕੰਮ ਕਰਨ ਦੇ ਸਮਰਥ ਹਨ। ਇਸਦੇ ਇਲਾਵਾ ਇਹ ਤਾਜ਼ਾ ਖਬਰਾਂ ਨੂੰ ਵੀ ਫੌਰਨ ਪ੍ਰਸਾਰਿਤ ਕਰ ਸਕਦੇ ਹਨ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਐਂਕਰ ਮਨੁੱਖੀ ਹਾਵ-ਭਾਵ ਨਾਲ ਖਬਰਾਂ ਪੜ੍ਹ ਸਕਦੇ ਹਨ, ਇਸ ਲਈ ਲੋਕ ਇਨ੍ਹਾਂ ਨੂੰ ਬੇਹੱਦ ਪਸੰਦ ਕਰਨਗੇ।