ਨਵੀਂ ਦਿੱਲੀ: ਅਫ਼ਗ਼ਾਨਿਸਤਾਨ 'ਚ ਸ਼ਾਂਤੀ ਬਹਾਲੀ ਦੇ ਯਤਨਾਂ ਤਹਿਤ ਭਾਰਤ ਸ਼ੁੱਕਰਵਾਰ ਨੂੰ ਪਹਿਲੀ ਵਾਰ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਹੋਣ ਵਾਲੀ ਬੈਠਕ ਵਿੱਚ ਸ਼ਾਮਲ ਹੋਏਗਾ। ਹਾਲਾਂਕਿ, ਭਾਰਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਸਦੀ ਹਿੱਸੇਦਾਰੀ ਗ਼ੈਰ-ਸਰਕਾਰੀ ਪੱਧਰ ’ਤੇ ਹੋਏਗੀ। ਭਾਰਤ ਵੱਲੋਂ ਇਸ ਬੈਠਕ ਵਿੱਚ ਸੇਵਾਮੁਕਤ ਰਾਜਦੂਤ ਟੀ.ਸੀ.ਏ. ਰਾਘਵਾਨ ਤੇ ਅਮਰ ਸਿਨ੍ਹਾ ਪ੍ਰਤੀਨਿਧੀ ਹਿੱਸਾ ਲੈਣਗੇ।

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਈ ਆਲਮੀ ਮੁੱਦਿਆਂ 'ਤੇ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਹੀ ਇਹ ਬੈਠਕ ਕਰਵਾਈ ਜਾ ਰਹੀ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਗੈਰ-ਸਰਕਾਰੀ ਫੈਸਲੇ ਨੂੰ ਰਣਨੀਤਕ ਤਬਦੀਲੀ ਨਹੀਂ ਮੰਨਿਆ ਜਾਣਾ ਚਾਹੀਦਾ।

ਪਹਿਲੀ ਵਾਰ ਤਾਲਿਬਾਨ ਨਾਲ ਮੰਚ ਸਾਂਝਾ ਕਰੇਗਾ ਭਾਰਤ

ਤਿੰਨ ਦਹਾਕਿਆਂ ਤੋਂ ਯੁੱਧ ਤੇ ਅੱਤਵਾਦ ਝੱਲ ਰਹੇ ਅਫ਼ਗ਼ਾਨਿਸਤਾਨ ਦੇ ਭਵਿੱਖ ਦੇ ਲਿਹਾਜ਼ ਨਾਲ ਇਹ ਬਹੁਪੱਖੀ ਬੈਠਕ ਬੇਹੱਦ ਮਹੱਤਵਪੂਰਨ ਹੈ। ਇਸ ਬੈਠਕ ਵਿੱਚ ਤਾਲਿਬਾਨ ਦੇ ਪ੍ਰਤੀਨਿਧੀ ਵੀ ਮੌਜੂਦ ਰਹਿਣਗੇ। ਅਜਿਹਾ ਪਹਿਲੀ ਵਾਰ ਹੋਏਗਾ, ਜਦੋਂ ਭਾਰਤ ਤਾਲਿਬਾਨ ਨਾਲ ਇੱਕੋ ਮੰਚ ਸਾਂਝਾ ਕਰੇਗਾ। ਇਸ ਤੋਂ ਪਹਿਲਾਂ ਮਾਸਕੋ ਫਾਰਮੈਟ ਵਿੱਚ ਭਾਰਤ ਵੱਲੋਂ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਸਨ, ਪਰ ਉਸ ਵੇਲੇ ਤਾਲਿਬਾਨ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੇ ਮਾਸਕੋ ਫਾਰਮੈਟ ਵਿੱਚ ਅਫ਼ਗ਼ਾਨਿਸਤਾਨ, ਭਾਰਤ, ਇਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਚੀਨ, ਪਾਕਿਸਤਾਨ, ਤਜ਼ਾਕਿਸਤਾਨ, ਤੁਰਕੇਮਿਸਤਾਨ, ਉਜ਼ਬੇਕਿਸਤਾਨ, ਅਮਰੀਕਾ ਤੇ ਅਫਗਾਨ ਤਾਲਿਬਾਨ ਨੂੰ ਸੱਦਾ ਦਿੱਤਾ ਹੈ।

ਗੈਰ-ਸਰਕਾਰੀ ਪੱਧਰ ’ਤੇ ਹੋਏਗੀ ਭਾਰਤ ਦੀ ਹਿੱਸੇਦਾਰੀ

ਬੈਠਕ ਵਿੱਚ ਭਾਰਤ ਦੀ ਹਿੱਸੇਦਾਰੀ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਰੂਸ 9 ਨਵੰਬਰ ਨੂੰ ਮਾਸਕੋ ਵਿੱਚ ਅਫ਼ਗ਼ਾਨਿਸਤਾਨ ’ਚ ਇੱਕ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਠਕ ਵਿੱਚ ਉਨ੍ਹਾਂ ਦੀ ਭਾਗੀਦਾਰੀ ਗੈਰ-ਅਧਿਕਾਰਿਕ ਪੱਧਰ ’ਤੇ ਹੋਏਗੀ। ਭਾਰਤ ਅਫ਼ਗ਼ਾਨਿਸਤਾਨ ਵਿੱਚ ਸ਼ਾਂਤੀ ਤੇ ਸੁਲ੍ਹਾ ਦੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ।