ਬਰੈਂਪਟਨ: ਕੈਨੇਡਾ ਵਿੱਚ ਵੱਸਦੇ ਭਾਰਤੀਆਂ ਵਿੱਚ ਦਿਵਾਲੀ ਦਾ ਉਤਸਾਹ ਦੇਖਣ ਵਾਲਾ ਸੀ। ਬਰੈਂਪਟਨ ਸ਼ਹਿਰ ਵਿੱਚ ਕਈ ਪਲਾਜ਼ੇ ਨਵੀਂ ਵਿਆਹੀ ਦੁਲਹਨ ਵਾਂਗ ਸਜਾਏ ਗਏ। ਇਨ੍ਹਾਂ ਨੂੰ ਵੇਖ ਕੇ ਇਵੇਂ ਲੱਗਦਾ ਸੀ ਜਿਵੇਂ ਇਹ ਪੰਜਾਬ ਦੇ ਹੀ ਕਿਸੇ ਸ਼ਹਿਰ ਦਾ ਨਜ਼ਾਰਾ ਹੋਵੇ। ਦੀਵਾਲੀ ਮੌਕੇ ਥਾਂ-ਥਾਂ `ਤੇ ਡੀਜੇ ਤੇ ਟੈਂਟ ਲਾ ਕੇ ਮਿਠਾਈਆਂ ਤੇ ਪਟਾਕੇ ਵੇਚੇ ਗਏ। ਹਰ ਸਾਲ ਦੀ ਤਰ੍ਹਾਂ ਮੰਦਰਾਂ ਅਤੇ ਗੁਰੂ ਘਰਾਂ ਵਿੱਚ ਵੀ ਖੂਬ ਰੌਣਕਾਂ ਲੱਗੀਆਂ।

ਬਰੈਂਪਟਨ ਦੇ ਗੋਰ ਮੰਦਰ ਵਿੱਚ ਹਾਲਾਂਕਿ ਦਿਵਾਲੀ 6 ਅਗਸਤ ਨੂੰ ਹੀ ਮਨਾ ਲਈ ਗਈ ਪਰ 7 ਨਵੰਬਰ ਨੂੰ ਵੀ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੱਥਾ ਟੇਕਣ ਪਹੁੰਚੇ। ਹਾਲਾਂਕਿ ਸਿਟੀ ਆਫ ਬਰੈਂਪਟਨ ਵੱਲੋਂ ਕਿਸੇ ਵੀ ਅਜਿਹੇ ਜਨਤਕ ਸਥਾਨ `ਤੇ ਆਤਿਸ਼ਾਹੀ ਦੀ ਸਖ਼ਤ ਮਨਾਹੀ ਸੀ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਵੱਡੀ ਗਿਣਤੀ ਪਟਾਕੇ ਚਲਾਏ।

ਡਿਕਸੀ ਰੋਡ ਗੁਰੂਘਰ ਵਿਖੇ ਦਿਵਾਲੀ ਮੱਥਾ ਟੇਕਣ ਵਾਲਿਆਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਵਾਰ ਪੰਜਾਬ ਤੋਂ ਆਏ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਇੱਥੇ ਪੁੱਜੇ ਹੋਏ ਸਨ, ਜਿਨ੍ਹਾਂ ਦੀ ਇਹ ਕੈਨੇਡਾ ਵਿੱਚ ਪਹਿਲੀ ਦਿਵਾਲੀ ਸੀ। ਡਿਕਸੀ ਗੁਰੂਦੁਆਰਾ ਵਿੱਚ ਵੀ ਇਸ ਵਾਰ ਆਤਿਸ਼ਬਾਜ਼ੀ ਦੀ ਮਨਾਹੀ ਹੋਣ ਕਾਰਨ ਆਤਿਸ਼ਬਾਜ਼ੀ ਨਹੀਂ ਕੀਤੀ ਗਈ, ਜੋ ਪਹਿਲਾਂ ਹਰ ਸਾਲ ਵੱਡੇ ਰੂਪ ਵਿੱਚ ਕੀਤੀ ਜਾਂਦੀ ਸੀ।