'ਆਪ' ਦੀ ਬਾਗੀ ਵਿਧਾਇਕਾਂ ਦੀ ਥਾਂ ਕਮਾਨ ਸੰਭਾਲਣਗੇ ਹਲਕਾ ਇੰਚਾਰਜ
ਏਬੀਪੀ ਸਾਂਝਾ | 08 Mar 2019 04:02 PM (IST)
ਸੰਗਰੂਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਜਲਦ ਹੀ ਬਾਗ਼ੀ ਵਿਧਾਇਕਾਂ ਦੀ ਥਾਂ ਕੁਝ ਥਾਈਂ ਹਲਕਾ ਇੰਚਾਰਜ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਧਾਇਕ ਬਾਗੀ ਨਹੀਂ ਬਲਕਿ ਉਨ੍ਹਾਂ ਨੂੰ ਵਰਗਲਾਇਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਜਲਦ ਬਾਗੀਆਂ ਦੀ ਘਰ ਵਾਪਸੀ ਹੋਏਗੀ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਕਰਨਗੇ। ਇੱਕ-ਦੋ ਦਿਨਾਂ ਅੰਦਰ ਦੋਵੇਂ ਪਾਰਟੀਆਂ ਦੇ ਲੀਡਰ ਇਕੱਠੇ ਬੈਠ ਕੇ ਸਾਰੀਆਂ 13 ਲੋਕ ਸਭਾ ਸੀਟਾਂ ਬਾਰੇ ਵਿਚਾਰ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਜਨ ਸਮਾਜ ਪਾਰਟੀ ਤੇ ਹੋਰ ਕੁਝ ਦਲਾਂ ਨਾਲ ਵੀ ਗਠਜੋੜ ਕਰ ਸਕਦੇ ਹਨ। ਭਗਵੰਤ ਮਾਨ ਨੇ ਅੱਜ ਬਰਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਸਾਂਸਦ ਫੰਡ ਵਿੱਚ ਬਣੇ ਸਕੂਲ ਦੇ ਕਮਰਿਆਂ ਦਾ ਉਦਘਾਟਨ ਕੀਤਾ। ਕਾਂਗਰਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਕੰਮਾਂ ਦਾ ਕ੍ਰੈਡਿਟ ਲੈਣ ਦੀ ਆਦਤ ਹੈ। ਮਹਿਲਾ ਸਸ਼ਕਤੀਕਰਨ ਦੇ ਮੁੱਦੇ ਬਾਰੇ ਮਾਨ ਨੇ ਕਿਹਾ ਕਿ ਉਨ੍ਹਾਂ ਲੋਕ ਸਭਾ ਵਿੱਚ ਮਹਿਲਾ ਸਸ਼ਕਤੀਕਰਨ ਬਿੱਲ ਲਿਆਉਣ ਦੀ ਹਮਾਇਤ ਕੀਤੀ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ‘ਆਪ’ ਦੇ ਮਹਿਲਾ ਵਿੰਗ ਵਿੱਚ ਕਮੀ ਹੈ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਮਹਿਲਾਵਾਂ ਦਾ ਪੂਰਾ ਸਨਮਾਨ ਕਰਦੀ ਹੈ। ਇਸ ਤੋਂ ਇਲਾਵਾ ਸੁਖਪਾਲ ਖਹਿਰਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਕਿਸੇ ਹੋਰ ਜਣਿਆਂ ਨੂੰ ਦਿਖਾਇਆ ਗਿਆ ਹੈ ਜਦਕਿ ਹਕੀਕਤ ਵਿੱਚ ਖਹਿਰਾ ਖ਼ੁਦ ਨੂੰ ਪ੍ਰਧਾਨ ਦੱਸਦੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਆਪਣੀ ਵਿਧਾਇਕੀ ਬਚਾਉਣ ਲਈ ਇਹ ਹੱਥਕੰਡਾ ਅਪਣਾ ਰਹੇ ਹਨ।