ਰਵੀ ਇੰਦਰ ਸਿੰਘ


ਚੰਡੀਗੜ੍ਹ: ਸਾਲ 2015 ਵਿੱਚ ਵਾਪਰੇ ਬੇਅਦਬੀ ਤੇ ਗੋਲ਼ੀਕਾਂਡਾਂ ਕਾਰਨ ਲੋਕਾਂ 'ਚ ਆਪਣਾ ਅਕਸ ਗਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨ ਮਗਰੋਂ ਸਿਰ 'ਤੇ ਖੜ੍ਹੀਆਂ ਲੋਕ ਸਭਾ ਚੋਣਾਂ ਲਈ ਆਪਣੇ ਸੀਨੀਅਰ ਲੀਡਰਾਂ 'ਤੇ ਦਾਅ ਖੇਡ ਸਕਦਾ ਹੈ। ਅਕਾਲੀ ਦਲ ਇਸ ਸਮੇਂ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਦਾ ਵੱਡਾ ਕਾਰਨ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਤੇ ਹੋਰ ਪਾਰਟੀਆਂ 'ਚ ਸ਼ਾਮਲ ਹੋਣ ਮਗਰੋਂ ਮਜ਼ਬੂਤ ਉਮੀਦਵਾਰਾਂ ਦਾ ਖ਼ਲਾਅ ਪੈਦਾ ਹੋਣਾ ਹੈ।

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਕੋਲ 4-4 ਤੇ ਭਾਰਤੀ ਜਨਤਾ ਪਾਰਟੀ ਕੋਲ ਇੱਕ ਸੀਟ ਹਾਸਲ ਹੈ। ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਸੀਨੀਅਰ ਨੇਤਾ ਡਾ. ਰਤਨ ਸਿੰਘ ਅਜਨਾਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੇਵਾ ਸਿੰਘ ਸੇਖਵਾਂ ਆਦਿ ਅਕਾਲੀ ਦਲ ਦੇ ਮਜ਼ਬੂਤ ਤੇ ਵੱਡੇ ਚਿਹਰੇ ਸਨ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਿੱਸਾ ਹਨ।

ਇਸ ਤੋਂ ਇਲਾਵਾ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਸੀਟ ਤੋਂ ਸੰਸਦ ਮੈਂਬਰ ਬਣੇ ਸ਼ੇਰ ਸਿੰਘ ਘੁਬਾਇਆ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਚਾਰੇ ਚਿਹਰੇ ਹੀ ਅਕਾਲੀ ਦਲ ਬਾਦਲ ਲਈ ਲੋਕ ਸਭਾ ਚੋਣਾਂ ਵਿੱਚ ਬਿਹਤਰੀਨ ਚਿਹਰੇ ਸਨ, ਪਰ ਹੁਣ ਪਾਰਟੀ ਨੇ ਬੇਹੱਦ ਮੁਸ਼ੱਕਤ ਮਗਰੋਂ ਆਪਣੇ ਹਿੱਸੇ ਦੀਆਂ 10 ਲੋਕ ਸਭਾ ਸੀਟਾਂ ਲਈ ਉਮੀਦਵਾਰ ਦੇਖੇ ਹਨ।

ਸੰਕਟ ਦੀ ਘੜੀ ਵਿੱਚ ਅਕਾਲੀ ਦਲ ਆਪਣੇ ਮੌਜੂਦਾ ਸੰਸਦ ਮੈਂਬਰਾਂ ਨੂੰ ਹੀ ਪਿੜ ਵਿੱਚ ਉਤਾਰੇਗਾ। ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾਉਣੀ ਲਗਪਗ ਤੈਅ ਹੈ। ਦੋ ਸੀਟਾਂ ਤੋਂ ਮੌਜੂਦਾ ਸੰਸਦ ਮੈਂਬਰਾਂ ਦੇ ਪਾਰਟੀ ਤੋਂ ਦੂਰ ਹੋਣ ਕਾਰਨ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਤੇ ਫ਼ਿਰੋਜ਼ਪੁਰ ਤੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਦਾਅਵੇਦਾਰੀ ਖਾਸੀ ਹੈ।

ਫ਼ਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ, ਲੁਧਿਆਣਾ ਤੋਂ ਸ਼ਰਨਜੀਤ ਸਿੰਘ ਢਿੱਲੋਂ, ਜਲੰਧਰ ਤੋਂ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਫ਼ਤਹਿਗੜ੍ਹ ਸਾਹਿਬ ਤੋਂ ਆਰਟੀਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਦੇ ਨਾਂ ਦੇ ਚਰਚੇ ਹਨ। ਸੰਗਰੂਰ ਤੇ ਪਟਿਆਲਾ ਸੀਟਾਂ ਲਈ ਅਕਾਲੀ ਦਲ ਨੂੰ ਕਾਬਲ ਚਿਹਰਿਆਂ ਦੀ ਤਲਾਸ਼ ਹੈ। ਸੰਗਰੂਰ ਤੋਂ ਵੀ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਰਿਵਾਰ 'ਤੇ ਹੀ ਚੋਣ ਲੜਨ ਤੋਂ ਰੋਕ ਲਾਈ ਹੋਈ ਹੈ।

ਜੇਕਰ ਸਾਰੇ ਅੰਕੜਿਆਂ 'ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਅਕਾਲੀ ਦਲ ਲਈ ਇਹ ਲੋਕ ਸਭਾ ਚੋਣਾਂ ਬੇਹੱਦ ਮੁਸ਼ਕਲ ਹਨ। ਬੇਅਦਬੀ ਤੇ ਗੋਲ਼ੀਕਾਂਡਾਂ ਕਾਰਨ ਲੋਕਾਂ ਵਿੱਚ ਰੋਹ ਸ਼ਾਂਤ ਨਹੀਂ ਹੋਇਆ ਉੱਪਰੋਂ ਵੱਡੇ ਚਿਹਰਿਆਂ ਨੇ ਵੀ ਪਾਰਟੀ ਤੋਂ ਕਿਨਾਰਾ ਕਰ ਲਿਆ। ਬਾਗ਼ੀਆਂ ਦੀ ਥਾਂ 'ਤੇ ਪਾਰਟੀ ਜਿਨ੍ਹਾਂ ਨਾਵਾਂ 'ਤੇ ਵਿਚਾਰ ਕਰ ਰਹੀ ਹੈ, ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦਾ ਕੋਈ ਖ਼ਾਸ ਤਜ਼ਰਬਾ ਵੀ ਨਹੀਂ ਹੈ। ਅਕਾਲੀ ਤੇ ਭਾਜਪਾ 10:3 ਦੇ ਅਨੁਪਾਤ ਨਾਲ ਲੋਕ ਸਭਾ ਚੋਣਾਂ ਲੜਨਗੇ ਅਤੇ ਦੇਖਣਾ ਹੋਵੇਗਾ ਕਿ ਲੋਕ ਇਸ ਰਿਵਾਇਤੀ ਗਠਜੋੜ ਦੀ ਝੋਲੀ ਕਿੰਨੀਆਂ ਸੀਟਾਂ ਪਾਉਂਦੇ ਹਨ।