ਅਧਿਆਪਕਾਂ ਮਗਰੋਂ ਠੇਕਾ ਮੁਲਾਜ਼ਮਾਂ ਨੇ ਚੁੱਕਿਆ ਕੈਪਟਨ ਸਰਕਾਰ ਖ਼ਿਲਾਫ਼ ਝੰਡਾ
ਏਬੀਪੀ ਸਾਂਝਾ | 24 Jan 2019 02:17 PM (IST)

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਲਈ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕੀਤੇ ਗਏ ਵਾਅਦੇ ਉਨ੍ਹਾਂ ਲਈ ਨਾਸੂਰ ਬਣ ਗਏ ਜਾਪਦੇ ਹਨ। ਕਦੇ ਕਿਸਾਨ, ਕਦੇ ਅਧਿਆਪਕ ਤੇ ਹੁਣ ਠੇਕਾ ਆਧਾਰਤ ਮੁਲਾਜ਼ਮ ਆਪਣੇ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਪੰਜਾਬ ਦੇ ਠੇਕਾ ਮੁਲਾਜ਼ਮਾਂ ਨੇ ਕੈਪਟਨ ਦੀ ਵਾਅਦਾਖ਼ਿਲਾਫ਼ੀ ਦੀ ਦੂਜੀ ਵਰ੍ਹੇਗੰਢ ਮਨਾਈ ਹੈ। ਠੇਕੇ 'ਤੇ ਭਰਤੀ ਹੋਏ ਮੁਲਾਜ਼ਮਾਂ ਨੇ ਕਿਹਾ ਹੈ ਕਿ 24 ਜਨਵਰੀ, 2017 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਠੇਕਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਹੁਣ ਦੋ ਸਾਲ ਬੀਤ ਜਾਣ 'ਤੇ ਮੁਲਾਜ਼ਮ ਕੈਪਟਨ 'ਤੇ ਵਾਅਦਿਓਂ ਮੁੱਕਰਨ ਦੇ ਦੋਸ਼ ਲਾ ਰਹੇ ਹਨ। ਠੇਕਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਦੇ ਤੌਰ 'ਤੇ ਮੁੱਖ ਮੰਤਰੀ ਨੂੰ ਕੇਕ ਭੇਟ ਕੀਤਾ ਤੇ ਨਾਲ ਹੀ ਕੈਪਟਨ ਵੱਲੋਂ ਕੀਤੇ ਟਵੀਟ ਦੀਆਂ ਤਸਵੀਰਾਂ ਦਿਖਾਈਆਂ। ਠੇਕਾ ਮੁਲਾਜ਼ਮਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਪੱਕੇ ਨਾ ਕੀਤਾ ਗਿਆ ਤਾਂ ਧਰਨੇ ਮੁਜ਼ਾਹਰੇ ਇਸੇ ਤਰ੍ਹਾਂ ਜਾਰੀ ਰਹਿਣਗੇ।