ਭਗਵੰਤ ਮਾਨ ਦੇ ਹਲਕੇ 'ਚ ਜਾ ਵੜੇ ਖਹਿਰਾ, ਸਹਿਣੇ ਪਏ ਮੁਰਦਾਬਾਦ ਦੇ ਨਾਅਰੇ
ਏਬੀਪੀ ਸਾਂਝਾ | 30 Aug 2018 03:26 PM (IST)
ਸੰਗਰੂਰ: ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਮੀਟਿੰਗ ਵਿਵਾਦ ਦਾ ਰੂਪ ਧਾਰਨ ਕਰ ਗਈ। ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਖਹਿਰਾ ਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰਾਂ ਦਰਮਿਆਨ ਖਿੱਚੋਤਾਣ ਹੋ ਗਈ ਤੇ ਕੁਝ ਲੋਕਾਂ ਨੇ ਖਹਿਰਾ ਖਿਲਾਫ ਨਾਅਰੇਬਾਜ਼ੀ ਕਰ ਦਿੱਤੀ। ਪਾਰਟੀ ਆਗੂ ਇੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬੈਠਕ ਵਿੱਚ ਬਾਕਾਇਦਾ ਸੱਦਾ ਦਿੱਤਾ ਗਿਆ ਸੀ। ਇੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਭਾਸ਼ਣ ਦੌਰਾਨ ਕੇਜਰੀਵਾਲ ਬਾਰੇ ਬੋਲਣਾ ਸ਼ੁਰੂ ਕੀਤਾ ਤਾਂ ਖਹਿਰਾ ਭੜਕ ਗਏ ਤੇ ਉਨ੍ਹਾਂ ਤੋਂ ਮਾਈਕ ਖੋਹ ਲਿਆ ਗਿਆ। ਘਟਨਾ ਬਾਰੇ ਦੱਸਦੇ ਹੋਏ ਇੱਕ ਹੋਰ ਸਥਾਨਕ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਆਮ ਆਦਮੀ ਨੂੰ ਪ੍ਰੋਗਰਾਮਾਂ ਵਿੱਚ ਬੋਲਣ ਦੀ ਖੁੱਲ੍ਹ ਵੀ ਨਹੀਂ। ਉਸ ਨੇ ਦੋਸ਼ ਲਾਇਆ ਕਿ ਖਹਿਰਾ ਤੇ ਬੈਂਸ ਭਰਾ ਦੀ ਸਾਜਿਸ਼ ਤਹਿਤ ਇਹ ਸਭ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਭਾਜਪਾ ਨਾਲ ਰਲ਼ ਕੇ ਲੋਕ ਸਭਾ ਚੋਣਾਂ ਲੜਨੀਆਂ ਹਨ। ਸਭਾ ਵਿੱਚ ਨਾਅਰੇਬਾਜ਼ੀ ਤੇ ਹੰਗਾਮਾ ਹੋਣ ਤੋਂ ਬਾਅਦ ਖਹਿਰਾ ਦੇ ਸੁਰੱਖਿਆ ਕਰਮੀ ਉਨ੍ਹਾਂ ਨੂੰ ਉੱਥੋਂ ਬਾਹਰ ਲੈ ਕੇ ਚਲੇ ਗਏ।