ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਮੁੜ ਚਰਚਾ ਵਿੱਚ ਆ ਗਏ ਹਨ। ਉਨ੍ਹਾਂ ਦਾ ਵਿਰੋਧ ਵਧਦਾ ਜਾ ਰਿਹਾ ਹੈ ਪਰ ਉਹ ਆਪਣੇ ਸਟੈਂਡ 'ਤੇ ਕਾਇਮ ਹਨ। ਮਾਝੇ ਤੋਂ ਬਾਅਦ ਉਨ੍ਹਾਂ ਦੇ ਮਾਲਵਾ ਵਿੱਚ ਕੀਰਤਨਾਂ ਦਾ ਵੀ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਸਿੱਖ ਸੰਗਤ ਦੇ ਕਈ ਧੜੇ ਢੱਡਰੀਆਂਵਾਲੇ ਦੇ ਹੱਕ ਵਿੱਚ ਵੀ ਡਟੇ ਹੋਏ ਹਨ। ਉਨ੍ਹਾਂ ਦੀਆਂ ਸ਼ਿਕਾਇਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਪਹੁੰਚ ਚੁੱਕਾਂ ਹਨ ਪਰ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਉਹ ਜਥੇਦਾਰ ਸਾਹਮਣੇ ਪੇਸ਼ ਨਹੀਂ ਹੋਣਗੇ।


ਉਨ੍ਹਾਂ ਕਿਹਾ ਕਿ ਉਹ ਸਿੱਖੀ ਸਿਧਾਂਤਾਂ ਮੁਤਾਬਕ ਹੀ ਪ੍ਰਚਾਰ ਕਰ ਰਹੇ ਹਨ ਪਰ ਕੁਝ ਲੋਕ ਸਿਆਸੀ ਖੁਦਗਰਜੀਆਂ ਕਰਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਸੱਚ ਲਈ ਪਹਿਰੇਦਾਰੀ ਕਰਦੇ ਰਹਿਣਗੇ। ਦੱਸ ਦਈਏ ਕਿ ਉਨ੍ਹਾਂ ਪਟਿਆਲਾ ਨੇੜੇ ਸਥਿਤ ਗੁਰਦੁਆਰਾ ਸ੍ਰੀ ਪਰਮੇਸ਼ਰ ਦੁਆਰ ਸੇਖੂਪੁਰਾ ਵਿੱਚ ਬੀਤੇ ਦਿਨ ਕਰਵਾਏ ਕੀਰਤਨ ਸਮਾਗਮ ਦੌਰਾਨ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਸਿਸਟਮ ’ਤੇ ਕਿੰਤੂ-ਪ੍ਰੰਤੂ ਕੀਤਾ, ਉੱਥੇ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿੱਖ ਰਹਿਤ ਮਰਿਆਦਾ ਸਮੇਤ ਹੋਰ ਕਈ ਮਸਲਿਆਂ ’ਤੇ ਘੇਰਨ ਦੀ ਕੋਸ਼ਿਸ਼ ਕੀਤੀ।



ਦਰਅਸਲ ਢੱਡਰੀਆਂ ਵਾਲੇ ’ਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਦੌਰਾਨ ਪੰਥਕ ਸਿਧਾਂਤਾਂ ਦੇ ਉਲਟ ਭੁਗਤਣ ਦੇ ਕਥਿਤ ਦੋਸ਼ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਮਲੇ ਦੇ ਹੱਲ ਲਈ ਪੰਜ ਮੈਂਬਰੀ ਪੜਤਾਲੀਆ ਕਮੇਟੀ ਕਾਇਮ ਕੀਤੀ ਗਈ ਸੀ। ਇਸ ਕਮੇਟੀ ਨੇ ਪਹਿਲਾਂ ਢੱਡਰੀਆਂ ਵਾਲੇ ਨੂੰ ਆਪਣਾ ਪੱਖ ਰੱਖਣ ਲਈ 22 ਦਸੰਬਰ ਨੂੰ ਪਟਿਆਲਾ ’ਚ ਸੱਦਿਆ ਸੀ ਪਰ ਉਸ ਦਿਨ ਉਨ੍ਹਾਂ ਦੇ ਵਿਦੇਸ਼ ਗਏ ਹੋਣ ਕਰਕੇ ਕਮੇਟੀ ਨੇ 5 ਜਨਵਰੀ ਤੱਕ ਉਨ੍ਹਾਂ ਨੂੰ ਆਪਣੀ ਉਪਲੱਬਧਤਾ ਖ਼ੁਦ ਦੱਸਣ ਲਈ ਕਿਹਾ ਸੀ ਤਾਂ ਕਿ ਉਹ ਕਮੇਟੀ ਨਾਲ ਰਾਬਤਾ ਰੱਖ ਕੇ ਆਪਣਾ ਪੱਖ ਸਪੱਸ਼ਟ ਕਰ ਸਕਣ।



ਮਗਰੋਂ ਪੜਤਾਲੀਆ ਕਮੇਟੀ ਨਾਲ ਢੱਡਰੀਆਂ ਵੱਲੋਂ ਕੋਈ ਰਾਬਤਾ ਨਾ ਬਣਾਏ ਜਾਣ ਦੌਰਾਨ ਮਾਮਲਾ ਪੇਚੀਦਾ ਬਣਦਾ ਨਜ਼ਰ ਆ ਰਿਹਾ ਸੀ ਤੇ ਅਖ਼ੀਰ ਲੰਘੇ ਦਿਨ ਭਾਈ ਢੱਡਰੀਆਂ ਵਾਲੇ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਗੋਡੇ ਟੇਕਣ ਲਈ ਰਜ਼ਾਮੰਦ ਨਹੀਂ ਹਨ। ਇਸ ਦੌਰਾਨ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮੁੱਚੇ ਸਿਸਟਮ ’ਤੇ ਕਿੰਤੂ-ਪ੍ਰੰਤੂ ਕੀਤਾ ਸੀ। ਉਨ੍ਹਾਂ ਸ਼ਿਕਵਾ ਕੀਤਾ ਸੀ ਕਿ ਅਕਾਲ ਤਖ਼ਤ ਸਾਹਿਬ ਹਾਲੇ ਤਕ ਸਾਰੇ ਗੁਰਦੁਆਰਿਆਂ ’ਚ ਇੱਕ ਰਹਿਤ ਮਰਿਆਦਾ ਲਾਗੂ ਨਹੀਂ ਕਰਵਾ ਸਕਿਆ।