ਸੁਖਜਿੰਦਰ ਭੰਗਲ


ਨਵਾਂਸ਼ਹਿਰ: ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚੋਂ ਅੱਜ ਇੱਕ ਹੋਰ ਮਰੀਜ਼ ਦੇ ਠੀਕ ਹੋ ਕੇ ਬਾਹਰ ਆਉਣ ਨਾਲ ਜ਼ਿਲ੍ਹੇ ’ਚ ਕੋਰੋਨਾ ’ਤੇ ਫ਼ਤਿਹ ਹਾਸਲ ਕਰਨ ਵਾਲਿਆਂ ਦੀ ਗਿਣਤੀ 17 ’ਤੇ ਪੁੱਜ ਗਈ ਹੈ। ਅੱਜ ਮਾਤਾ ਪ੍ਰੀਤਮ ਕੌਰ (72) ਜਦੋਂ ਆਈਸੋਲੇਸ਼ਨ ਵਾਰਡ ’ਚੋਂ ਬਾਹਰ ਆਏ ਤਾਂ ਐਂਬੂਲੈਂਸ ਤੱਕ ਆਉਂਦਿਆਂ ਹੀ ਉਨ੍ਹਾਂ ਨੇ ਨਮ ਅੱਖਾਂ ਨਾਲ ਹਸਪਤਾਲ ਦੇ ਸਟਾਫ਼ ਲਈ ਅਸੀਸਾਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਹੌਂਸਲਾ ਜ਼ਿੰਦਗੀ ਦੀ ਲੜਾਈ ਲੜਨ ਦਾ ਹਸਪਤਾਲ ਦੇ ਸਟਾਫ਼ ਤੋਂ ਮਿਲਿਆ, ਉਸ ਦਾ ਬਿਆਨ ਸ਼ਬਦਾਂ ਤੋਂ ਪਰੇ ਹੈ।

ਬੀਬੀ ਪ੍ਰੀਤਮ ਕੌਰ, ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦੇ ਮਾਤਾ ਹਨ, ਬੀਤੀ 26 ਮਾਰਚ ਨੂੰ ਆਪਣਾ ਕੋਰੋਨਾ ਦਾ ਟੈਸਟ ਪੌਜ਼ੇਟਿਵ ਆਉਣ ਬਾਅਦ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ। ਸਰਪੰਚ ਹਰਪਾਲ ਸਿੰਘ ਵੀ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਸਨ ਅਤੇ ਠੀਕ ਹੋਣ ਬਾਅਦ 7 ਅਪ੍ਰੈਲ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਆਏ ਸਨ।

ਆਪਣੀ ਭੈਣ ਦੇ ਠੀਕ ਹੋਣ ਦੀ ਖੁਸ਼ੀ ਸਾਂਝੀ ਕਰਨ ਵਿਸ਼ੇਸ਼ ਤੌਰ ’ਤੇ ਹਸਪਤਾਲ ਪੁੱਜੇ ਨਵਾਂ ਸ਼ਹਿਰ ਨੇੜਲੇ ਪਿੰਡ ਉਸਮਾਨਪੁਰ ਦੇ ਸਾਬਕਾ ਸਰਪੰਚ ਅਤੇ ਸੇਵਾਮੁਕਤ ਮੁੱਖ ਅਧਿਆਪਕ ਅਜਾਇਬ ਸਿੰਘ ਤਾਂ ਹਸਪਤਾਲ ਦੇ ਸਟਾਫ਼ ਦੀ ਸੇਵਾ ਭਾਵਨਾ ਤੋਂ ਇੰਨੇ ਖੁਸ਼ ਹੋਏ ਕਿ ਤੁਰੰਤ ਆਪਣੀ ਇੱਕ ਮਹੀਨੇ ਦੀ ਪੈਨਸ਼ਨ (40 ਹਜ਼ਾਰ ਰੁਪਏ) ਹਸਪਤਾਲ ਦੇ ਐਸਐਮਓ ਹਰਵਿੰਦਰ ਸਿੰਘ ਨੂੰ ਚੈੱਕ ਦੇ ਰੂਪ ’ਚ ਸੌਂਪ ਦਿੱਤੀ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 18 ਮਾਰਚ ਦੀ ਸਵੇਰ ਨੂੰ ਪਠਲਾਵਾ ਦੇ ਇੱਕ ਬਜ਼ੁਰਗ ਬਲਦੇਵ ਸਿੰਘ ਦੀ ਮੌਤ ਨੂੰ ਸ਼ੱਕੀ ਕੋਵਿਡ-19 ਪੀੜਤ ਮੰਨਦਿਆਂ ਉਸ ਦਾ ਲਿਆ ਟੈਸਟ ਪੌਜ਼ੇਟਿਵ ਆਉਣ ਬਾਅਦ, 19 ਮਾਰਚ ਤੋਂ 26 ਮਾਰਚ ਤੱਕ ਆਈਸੋਲੇਸ਼ਨ ਵਾਰਡ ’ਚ 18 ਮਰੀਜ਼ ਲਿਆਂਦੇ ਗਏ ਸਨ। ਇਨ੍ਹਾਂ ’ਚੋਂ 14 ਮਰੀਜ਼ ਸਵ. ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਸਨ।