ਚੰਡੀਗੜ੍ਹ: ਕੈਪਟਨ ਸਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਕਰੋਨਾ ਪੌਜ਼ੇਟਿਵ ਕੇਸ ਤੇਜ਼ੀ ਨਾਲ ਵਧ ਰਹੇ ਹਨ। ਇਸ ਦੇ ਨਾਲ ਸਰਕਾਰ ਫਿਕਰਮੰਦ ਹੈ ਕਿ ਕਿਤੇ ਕੋਰੋਨਾਵਾਇਰਸ ਅਗਲੀ ਸਟੇਜ ਵਿੱਚ ਦਾਖਲ ਨਾ ਹੋ ਜਾਵੇ। ਵੀਰਵਾਰ ਨੂੰ ਕੋਰੋਨਾ ਨਾਲ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ ਇੱਕੋ ਦਿਨ ’ਚ 298 ਨਵੇਂ ਪੌਜ਼ੇਟਿਵ ਕੇਸ ਦਰਜ ਹੋਏ।


ਉਧਰ, ਚਰਚਾ ਹੈ ਕਿ ਬਾਰਸ਼ ਦੇ ਮੌਸਮ ਨੂੰ ਵੇਖਦਿਆਂ ਸਰਕਾਰ ਹੋਰ ਸਖਤੀ ਕਰ ਸਕਦੀ ਹੈ। ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਬਾਰਸ਼ ਦੇ ਮੌਸਮ ਵਿੱਚ ਹਰ ਸਾਲ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਵੇਲੇ ਕੋਰੋਨਾ ਦਾ ਜ਼ੋਰ ਹੋਣ ਕਰਕੇ ਸਥਿਤੀ ਗੰਭੀਰ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਇਸ ਸਥਿਤੀ ਦੇ ਟਾਕਰੇ ਲਈ ਪਹਿਲਾਂ ਹੀ ਪੁਖਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਵਿਸ਼ੇਸ਼ ‘ਕੋਵਿਡ ਦਸਤੇ’ ਬਣਾਉਣ ਦਾ ਫ਼ੈਸਲਾ ਲਿਆ ਹੈ। ਇਹ ਦਸਤੇ ਕੋਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਗੇ। ਮੁੱਖ ਮੰਤਰੀ ਨੇ ਕੋਰੋਨਾ ਲਈ ਵਿਸ਼ੇਸ਼ ਦਸਤੇ ਤਿਆਰ ਕਰਨ ਲਈ ਡੀਜੀਪੀ ਨੂੰ ਹੁਕਮ ਦਿੱਤੇ ਹਨ। ਕੈਪਟਨ ਨੇ ਅਗਲੇ ਕੁਝ ਅਰਸੇ ਲਈ ਗ਼ੈਰ-ਜ਼ਰੂਰੀ ਥਾਵਾਂ ’ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਵਾਪਸ ਬੁਲਾਉਣ ਲਈ ਵੀ ਆਖਿਆ ਹੈ। ਸਰਕਾਰ ਹਰ ਸਥਿਤੀ ਨਾਲ ਟਾਕਰੇ ਲਈ ਤਿਆਰ-ਬਰ-ਤਿਆਰ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਚਾਰ, ਜਲੰਧਰ ਵਿੱਚ ਦੋ, ਕਪੂਰਥਲਾ, ਗੁਰਦਾਸਪੁਰ ਤੇ ਪਟਿਆਲਾ ਵਿੱਚ ਇੱਕ-ਇੱਕ ਕਰੋਨਾ ਪੀੜਤ ਦੀ ਮੌਤ ਹੋਈ ਹੈ। ਵੇਰਵਿਆਂ ਅਨੁਸਾਰ ਸੂਬੇ ਵਿੱਚ ਹੁਣ ਤੱਕ ਮੌਤਾਂ ਦੀ ਗਿਣਤੀ ਦਾ ਅੰਕੜਾ 230 ’ਤੇ ਪੁੱਜ ਗਿਆ ਹੈ ਜਦੋਂਕਿ ਪੌਜ਼ੇਟਿਵ ਕੇਸਾਂ ਦੀ ਗਿਣਤੀ 9094 ਹੋ ਗਈ ਹੈ। ਸਿਹਤ ਵਿਭਾਗ ਤਰਫ਼ੋਂ ਹੁਣ ਤੱਕ 4,29,832 ਨਮੂਨੇ ਲਏ ਗਏ ਹਨ ਜਦੋਂਕਿ 6277 ਵਿਅਕਤੀਆਂ ਨੂੰ ਠੀਕ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ ਹੈ।