ਚੰਡੀਗੜ੍ਹ: ਪੰਜਾਬ ਵਿੱਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਸੋਮਵਾਰ ਨੂੰ ਪੰਜ ਹੋਰ ਮੌਤਾਂ ਨਾਲ ਪੰਜਾਬ ਵਿੱਚ ਕਰੋਨਾ ਕਰਕੇ ਜ਼ਿੰਦਗੀ ਦੀ ਜੰਗ ਹਾਰਨ ਵਾਲਿਆਂ ਦੀ ਕੁੱਲ ਗਿਣਤੀ 138 ਹੋ ਗਈ ਹੈ। ਪੰਜਾਬ ਵਿੱਚ ਹੁਣ ਸੰਗਰੂਰ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਦੇ ਪਾਜ਼ੇਟਿਵ ਕੇਸ ਸਾਹਮਣੇ ਆਉਣ ਲੱਗੇ ਹਨ ਜਦੋਂਕਿ ਜਲੰਧਰ ਤੇ ਅੰਮ੍ਰਿਤਸਰ ਵਿੱਚ ਕੇਸਾਂ ਦੀ ਗਿਣਤੀ ਘਟੀ ਹੈ।


ਸਿਹਤ ਵਿਭਾਗ ਅਨੁਸਾਰ ਪੰਜਾਬ ਵਿੱਚ ਕੁੱਲ 2,94,448 ਨਮੂਨੇ ਲਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਸੋਮਵਾਰ ਤੱਕ 5418 ਪਾਜ਼ੇਟਿਵ ਕੇਸ ਪਾਏ ਗਏ ਹਨ। 3764 ਮਰੀਜ਼ਾਂ ਨੂੰ ਘਰੀਂ ਭੇਜ ਦਿੱਤਾ ਗਿਆ ਹੈ ਤੇ ਪੰਜ ਮਰੀਜ਼ ਵੈਂਟੀਲੇਟਰ ’ਤੇ ਹਨ। ਵੇਰਵਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਤਿੰਨ ਤੇ ਗੁਰਦਾਸਪੁਰ ਤੇ ਸੰਗਰੂਰ ਜ਼ਿਲ੍ਹੇ ਵਿੱਚ ਇੱਕ-ਇੱਕ ਮੌਤ ਹੋਣ ਦੀ ਰਿਪੋਰਟ ਹੈ।

ਪੰਜਾਬ ਵਿੱਚ 202 ਨਵੇਂ ਪਾਜ਼ੇਟਿਵ ਕੇਸ ਆਏ ਹਨ ਤੇ ਇਸ ਵਿੱਚੋਂ ਸਭ ਤੋਂ ਜ਼ਿਆਦਾ 60 ਕੇਸ ਜ਼ਿਲ੍ਹਾ ਸੰਗਰੂਰ ਵਿੱਚ ਰਿਪੋਰਟ ਹੋਏ ਹਨ, ਜਿਨ੍ਹਾਂ ’ਚ ਵਿਦੇਸ਼ ਤੋਂ ਪਰਤਿਆ ਇੱਕ ਵਿਅਕਤੀ ਵੀ ਸ਼ਾਮਲ ਹੈ। ਪਟਿਆਲਾ ਜ਼ਿਲ੍ਹਾ ਹੁਣ ਦੂਜੇ ਨੰਬਰ ’ਤੇ ਹੈ ਜਿੱਥੇ 45 ਕੇਸ ਪਾਜ਼ੇਟਿਵ ਸਾਹਮਣੇ ਆਏ ਹਨ।

ਇਸੇ ਤਰ੍ਹਾਂ, ਅੰਮ੍ਰਿਤਸਰ ਵਿਚ 21 ਤੇ ਲੁਧਿਆਣਾ ਵਿੱਚ 14 ਨਵੇਂ ਕੇਸ ਆਏ ਹਨ। ਮੁਹਾਲੀ ’ਚ ਚਾਰ ਕੇਸ ਨਵੇਂ ਹਨ ਜਿਸ ’ਚੋਂ ਇੱਕ ਵਿਅਕਤੀ ਮੁੰਬਈ ਤੋਂ ਹਾਲ ਹੀ ਵਿੱਚ ਪਰਤਿਆ ਹੈ। ਨਵਾਂ ਸ਼ਹਿਰ ਵਿੱਚ ਵਿਦੇਸ਼ ਤੋਂ ਪਰਤੇ 10 ਨਵੇਂ ਕੇਸ ਆਏ ਹਨ। ਬਠਿੰਡਾ ਜ਼ਿਲ੍ਹੇ ਵਿਚ ਵੀ ਇੱਕ ਨਵਾਂ ਕੇਸ ਆ ਗਿਆ ਹੈ ਜਦੋਂ ਕਿ ਮਾਨਸਾ ਜ਼ਿਲ੍ਹੇ ਵਿਚ ਬਿਹਾਰ ਤੋਂ ਆਏ ਦੋ ਮਜ਼ਦੂਰ ਪਾਜ਼ੇਟਿਵ ਨਿਕਲੇ ਹਨ।

ਕੁੱਲ ਕੇਸਾਂ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕੁੱਲ ਕੇਸਾਂ ਦੀ ਗਿਣਤੀ 904 ਹੋ ਗਈ ਹੈ ਜਦੋਂਕਿ 39 ਮੌਤਾਂ ਹੋ ਚੁੱਕੀਆਂ ਹਨ। ਲੁਧਿਆਣਾ ਵਿਚ 795 ਕੇਸ ਹੋ ਗਏ ਹਨ ਤੇ ਮੌਤਾਂ ਦਾ ਅੰਕੜਾ 20 ’ਤੇ ਪੁੱਜ ਗਿਆ ਹੈ।