ਲੁਧਿਆਣਾ: ਕੋਰੋਨਾ ਦਾ ਸਭ ਤੋਂ ਵੱਧ ਕਹਿਰ ਜ਼ਿਲ੍ਹਾ ਲੁਧਿਆਣਾ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਸ ਲਈ ਆਉਣ ਵਾਲੇ ਸਮੇਂ ਵਿੱਚ ਸਖਤੀ ਹੋਰ ਵਧ ਸਕਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਮਗਰੋਂ ਪ੍ਰਸ਼ਾਸਨ ਨਿਯਮ ਹੋਰ ਸਖਤ ਕਰ ਰਿਹਾ ਹੈ। ਪਤਾ ਲੱਗਾ ਹੈ ਕਿ ਹੁਣ ਪ੍ਰਸ਼ਾਸਨ ਨੇ ਦੁਕਾਨਾਂ ਔਡ-ਈਵਨ ਫਾਰਮੂਲੇ ਤਹਿਤ ਖੁੱਲ੍ਹਵਾਉਣ ਦਾ ਫ਼ੈਸਲਾ ਲਿਆ ਹੈ।


ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਫਾਰਮੂਲੇ ਤਹਿਤ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਔਡ ਨੰਬਰ ਵਾਲੇ ਦਿਨ ਔਡ ਨੰਬਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਤੇ ਈਵਨ ਵਾਲੇ ਦਿਨ ਈਵਨ ਨੰਬਰ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ।

ਉਨ੍ਹਾਂ ਦੱਸਿਆ ਕਿ ਜਿਹੜੀਆਂ ਦੁਕਾਨਾਂ ਨੂੰ ਨੰਬਰ ਲੱਗੇ ਹੋਏ ਹਨ, ਉਹ ਠੀਕ ਹਨ, ਜਿੱਥੇ ਨੰਬਰ ਨਹੀਂ, ਉਹ ਦੁਕਾਨਾਂ ਦੇ ਨੰਬਰ ਦੁਕਾਨਦਾਰ ਐਸੋਸੇਈਸ਼ੇਨਾਂ ਵੱਲੋਂ ਪੁਲਿਸ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮਿਲ ਕੇ ਲਾਏ ਜਾਣਗੇ। ਇਹ ਫਾਰਮੂਲਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ’ਤੇ ਲਾਗੂ ਹੋਵੇਗਾ।