ਚੰਡੀਗੜ੍ਹ: ਕਰੋਨਾਵਾਇਰਸ ਦੀ ਦਹਿਸ਼ਤ ਦਾ ਮੁੱਖ ਕਾਰਨ ਇਸ ਬਾਰੇ ਅਫਵਾਹਾਂ ਹਨ। ਸੋਸ਼ਲ ਮੀਡੀਆ ਉੱਪਰ ਇਸ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਜਿਸ ਕਰਕੇ ਲੋਕ ਦਹਿਸ਼ਤ ਵਿੱਚ ਹਨ। ਹੋਰ ਤਾਂ ਹੋਰ ਅਜਿਹੀਆਂ ਗੱਲ਼ਾਂ ਵੀ ਸੋਸ਼ਲ ਮੀਡੀਆ ਉੱਪਰ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਜਿਸ ਬਾਰੇ ਸਰਕਾਰ ਨੇ ਕੋਈ ਐਲਾਨ ਕੀਤਾ ਹੀ ਨਹੀਂ। ਇਸ ਸਭ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤੀ ਕਰਨ ਦੀ ਚੇਤਾਵਨੀ ਦਿੱਤੀ ਹੈ।


ਪੰਜਾਬ ਸਰਕਾਰ ਦੇ ਹੁਕਮਾਂ ਮੁਗਰੋਂ ਡੀਜੀਪੀ ਦਿਨਕਰ ਗੁਪਤਾ ਨੇ ਕਰੋਨਾਵਾਇਰਸ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਬੇਬੁਨਿਆਦ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਗ਼ੈਰ-ਸਮਾਜਕ ਗਤੀਵਿਧੀਆਂ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੂੰ ਕਾਨੂੰਨ ਦੀ ਧਾਰਾਵਾਂ ਤਹਿਤ ਬਣਦੀ ਸਜ਼ਾ ਦਿੱਤੀ ਜਾਵੇਗੀ। ਡੀਜੀਪੀ ਨੇ ਮੋਬਾਈਲ ਫੋਨ, ਸੋਸ਼ਲ ਮੀਡੀਆ ਰਾਹੀਂ ਸਮਾਜ ਵਿੱਚ ਬੇਬੁਨਿਆਦ ਖ਼ਬਰਾਂ ਤੇ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਬੇਲੋੜੀ ਦਹਿਸ਼ਤ ਤੇ ਪ੍ਰੇਸ਼ਾਨੀਆਂ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਹੈ।

ਉਧਰ, ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਕਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤੀ ਜਾਵੇ, ਅਫ਼ਵਾਹਾਂ ਨਾ ਫੈਲਾਈਆਂ ਜਾਣ ਤੇ ਸਰਕਾਰ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਮਾਨਵਤਾ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਅਰਦਾਸ ਵੀ ਕੀਤੀ ਹੈ।