ਚੰਡੀਗੜ੍ਹ: ਕਰੋਨਾਵਾਇਰਸ ਦੇ ਕਹਿਰ ਵਿੱਚ ਇੱਕ ਹੋਰ ਰਾਹਤ ਦੀ ਖਬਰ ਹੈ। ਪੰਜਾਬ ਦੇ ਇੱਕ ਹੋਰ ਜ਼ਿਲ੍ਹੇ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਕੋਰੋਨਾ ਪੀੜਤ ਦੂਜੀ ਮਹਿਲਾ ਦਾ ਟੈਸਟ ਵੀ ਨੈਗੇਟਿਵ ਆਉਣ ਕਾਰਨ ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੀ ਕਰੋਨਾ ਮੁਕਤ ਹੋ ਗਿਆ ਹੈ। ਇਸ ਤੋਂ ਪਹਿਲਾਂ ਨਵਾਂ ਸ਼ਹਿਰ ਰੋਪੜ ਤੇ ਮੋਗਾ ਨੇ ਕੋਰੋਨਾ 'ਤੇ ਫਤਹਿ ਹਾਸਲ ਕੀਤੀ ਹੈ। ਹੁਣ ਮੁਹਾਲੀ, ਪਟਿਆਲਾ, ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਕੰਟਰੋਲ ਹੇਠ ਹੈ।


ਜ਼ਿਲ੍ਹਾ ਫਤਹਿਗੜ੍ਹ ਦੇ ਵਾਸੀਆਂ ਨੇ ਕੋਰੋਨਾ ਮੁਕਤ ਹੋਣ ਮਗਰੋਂ ਸੁੱਖ ਦਾ ਸਾਹ ਲਿਆ ਹੈ। ਕਰੋਨਾ ਪੀੜਤ ਇੱਕ ਮਹਿਲਾ ਨੂੰ ਟੈਸਟ ਨੈਗੇਟਿਵ ਆਉਣ ‘ਤੇ ਪਹਿਲਾਂ ਹੀ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਦੂਜੀ ਮਹਿਲਾ ਨੂੰ ਵੀ ਵੀਰਵਾਰ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਐਨਕੇ.ਅਗਰਵਾਲ ਨੇ ਜ਼ਿਲ੍ਹੇ ਨੂੰ ਕਰੋਨਾ ਮੁਕਤ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 460 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 144 ਦੇ ਰਿਜ਼ਲਟ ਆਉਣ ਤੋਂ ਰਹਿੰਦੇ ਹਨ ਜਦੋਂਕਿ ਬਾਕੀ ਸਾਰੇ ਟੈੱਸਟ ਨੈਗੇਟਿਵ ਪਾਏ ਗਏ ਹਨ।