Coronavirus India: ਦੇਸ਼ ’ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਬਹੁਤ ਖ਼ਤਰਨਾਕ ਸਿੱਧ ਹੋ ਰਿਹਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਦੀ ਲਾਗ ਦੇ 59 ਹਜ਼ਾਰ 118 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 12 ਅਕਤੂਬਰ, 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਕੱਲ੍ਹ ਦੇਸ਼ ਵਿੱਚ 257 ਵਿਅਕਤੀਆਂ ਦੀ ਮੌਤ ਹੋਈ ਹੈ।

 

ਕੋਰੋਨਾ ਤੋਂ ਬਚਾਅ ਲਈ ਹੁਣ ਤੱਕ 5 ਕਰੋੜ 55 ਲੱਖ 4 ਹਜ਼ਾਰ 440 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ ਵਰ੍ਹੇ ਨਵੰਬਰ ਮਹੀਨੇ ਦੌਰਾਨ ਕੋਰੋਨਾ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ’ਚ ਕੁਝ ਠੱਲ੍ਹ ਪਈ ਸੀ ਪਰ ਹੁਣ ਹਾਲਾਤ ਇੱਕ ਵਾਰ ਫਿਰ ਵਿਗੜਦੇ ਵੇਖ ਕੇ ਕੇਂਦਰ ਸਰਕਾਰ ਲਗਾਤਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

 

ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਮਈ 2020 ਤੋਂ ਬਾਅਦ ਪਹਿਲੀ ਵਾਰ ਇੰਨੀ ਤੇਜ਼ੀ ਨਾਲ ਮਹਾਮਾਰੀ ਦੀ ਲਾਗ ਦੇ ਮਾਮਲੇ ਵਧ ਰਹੇ ਹਨ। ਪਿਛਲੇ ਸਾਲ ਮਈ ’ਚ ਰੋਜ਼ਾਨਾ ਸਾਢੇ 3 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਸਨ ਪਰ ਅੱਜ ਇੱਕ ਦਿਨ ਵਿੱਚ ਹੀ ਮਾਮਲੇ 60,000 ’ਤੇ ਪੁੱਜ ਗਏ ਹਨ।

 

25 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਭਾਰਤ ’ਚ ਇੱਕ ਹਫ਼ਤੇ ਵਿੱਚ ਔਸਤਨ 47 ਹਜ਼ਾਰ 442 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਦੇਸ਼ ਵਿੱਚ ਸਭ ਤੋਂ ਮਾੜੀ ਹਾਲਤ ਮਹਾਰਾਸ਼ਟਰ ਸੂਬੇ ਦੀ ਹੈ, ਜਿੱਥੇ ਦੇਸ਼ ਦੇ 60 ਫ਼ੀਸਦੀ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

 

ਦੇਸ਼ ਦੇ 75 ਫ਼ੀਸਦੀ ਤੋਂ ਵੱਧ ਐਕਟਿਵ ਮਾਮਲੇ ਸਿਰਫ਼ ਤਿੰਨ ਰਾਜਾਂ ਮਹਾਰਾਸ਼ਟਰ, ਪੰਜਾਬ ਤੇ ਕੇਰਲ ’ਚ ਹਨ। ਪੰਜਾਬ ਵਿੱਚ ਦੇਸ਼ ਦੇ 5.19 ਫ਼ੀ ਸਦੀ ਮਾਮਲੇ ਹਨ; ਜਦ ਕਿ ਕੇਰਲ ਵਿੱਚ ਇਹ ਫ਼ੀ ਸਦ 6.22 ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ 100 ਦਿਨਾਂ ਤੱਕ ਚੱਲ ਸਕਦੀ ਹੈ।


 


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ