ਗਗਨਦੀਪ ਸ਼ਰਮਾ
ਅਟਾਰੀ: ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਲੈ ਕੇ ਜਿੱਥੇ ਸਮੁੱਚੇ ਵਿਸ਼ਵ ਵਿੱਚ ਫ਼ਿਕਰਮੰਦੀ ਦੇਖਣ ਨੂੰ ਮਿਲ ਰਹੀ ਹੈ, ਉਥੇ ਹੀ ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀ ਚੌਕਸੀ ਰੱਖੀ ਜਾ ਰਹੀ ਹੈ। ਦੇਸ਼ ਦੇ ਤਮਾਮ ਏਅਰਪੋਰਟਾਂ ਉੱਪਰ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਹੈਲਥ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


ਇਸ ਦੌਰਾਨ ਪਾਕਿਸਤਾਨ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਦੀ ਅਟਾਰੀ ਸੀਮਾ ਵਿਖੇ ਆਈਸੀਪੀ ਵਿੱਚ ਹੈਲਥ ਟੀਮਾਂ ਵੱਲੋਂ ਬਕਾਇਦਾ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਕਰੋਨਾ ਵਾਇਰਸ ਤੋਂ ਪੀੜਤ ਸ਼ੱਕੀ ਮਰੀਜ਼ ਭਾਰਤ ਦੇ ਵਿੱਚ ਬਿਨਾਂ ਜਾਂਚ ਤੋਂ ਦਾਖਲ ਨਾ ਹੋ ਸਕੇ। ਇਸ ਦੇ ਲਈ ਬੀਤੇ ਕੱਲ੍ਹ ਤੋਂ ਹੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ ਜੋ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰ ਰਹੀਆਂ ਹਨ।

ਇੱਥੇ ਬਕਾਇਦਾ ਜਾਂਚ ਤੋਂ ਬਾਅਦ ਹੀ ਯਾਤਰੀਆਂ ਨੂੰ ਭਾਰਤ ਦੇ ਵਿੱਚ ਐਂਟਰੀ ਮਿਲ ਰਹੀ ਹੈ ਹਾਲਾਂਕਿ ਇੱਥੇ ਪਿਛਲੇ ਦੋ ਦਿਨਾਂ ਵਿੱਚ ਤਕਰੀਬਨ 200 ਯਾਤਰੀਆਂ ਦੀ ਜਾਂਚ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਵੀ ਸ਼ੱਕੀ ਯਾਤਰੀ ਨਹੀਂ ਮਿਲਿਆ ਜੋ ਕੋਰੋਨਾਵਾਇਰਸ ਤੋਂ ਪੀੜਤ ਹੋਵੇ। ਆਈਸੀਪੀ ਵਿੱਚ ਤੈਨਾਤ ਪੰਜਾਬ ਸਰਕਾਰ ਦੀ ਹੈਲਥ ਟੀਮ ਦੇ ਡਾਕਟਰ ਹਰਦੀਪ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਉਹ ਯਾਤਰੀਆਂ ਦੀ ਜਾਂਚ ਕਰ ਰਹੇ ਹਨ। ਪਿਛਲੇ ਚਾਰ ਹਫਤਿਆਂ ਦੀ ਟ੍ਰੈਵਲ ਹਿਸਟਰੀ ਵੀ ਪੁੱਛੀ ਜਾਂਦੀ ਹੈ ਤੇ ਜੇਕਰ ਕੋਈ ਯਾਤਰੀ ਉਨ੍ਹਾਂ ਦੇਸ਼ਾਂ ਖਾਸਕਰ ਬਾਰਾਂ ਦੇਸ਼ਾਂ ਜਿੱਥੇ ਕਰੋਨਾਵਾਇਰਸ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ ਤੋਂ ਆਇਆ ਹੈ ਤਾਂ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ।

ਭਾਵੇਂਕਿ ਹਾਲੇ ਤੱਕ ਕੋਈ ਵੀ ਯਾਤਰੀ ਕਰੋਨਾ ਵਾਇਰਸ ਤੋਂ ਪੀੜਤ ਨਹੀਂ ਪਾਇਆ ਗਿਆ ਪਰ ਫਿਰ ਵੀ ਜੇਕਰ ਕੋਈ ਯਾਤਰੀ ਕਰੋਨਾਵਾਇਰਸ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਤੇ ਸਿਵਲ ਹਸਪਤਾਲ ਵਿੱਚ ਸਥਾਪਤ ਆਈਸੋਲੇਸ਼ਨ ਵਾਰਡ ਵਿੱਚ ਸ਼ਿਫਟ ਕੀਤਾ ਜਾਵੇਗਾ ਤੇ ਬਕਾਇਦਾ ਤੌਰ ਤੇ ਸਾਰੇ ਟੈਸਟਾਂ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਹੋਵੇਗਾ।

ਡਾ. ਸੰਦੀਪ ਸਿੰਘ ਨੇ ਕਿਹਾ ਕਿ ਉਹ ਸਿਰਫ ਜਾਂਚ ਕਰ ਰਹੇ ਹਨ ਜੇਕਰ ਕੋਈ ਯਾਤਰੀ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਭਾਰਤ ਆਉਣ ਤੋਂ ਤਾਂ ਨਹੀਂ ਰੋਕ ਸਕਦੇ ਪਰ ਉਸ ਨੂੰ ਇਲਾਜ ਲਈ ਸ਼ਿਫਟ ਕਰ ਸਕਦੇ ਹਨ। ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਦੇ ਮੈਨੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਹੁਕਮਾਂ ਤੇ ਹਰੇਕ ਯਾਤਰੀ ਦੀ ਜਾਂਚ ਜ਼ਰੂਰੀ ਹੈ ਇਸ ਦੇ ਲਈ ਉਹ ਡਾਕਟਰਾਂ ਦੀ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ।