ਕਾਂਗਰਸ ਸਰਕਾਰ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲ !
ਏਬੀਪੀ ਸਾਂਝਾ | 19 Jun 2018 04:43 PM (IST)
ਚੰਡੀਗੜ੍ਹ: ਕਾਂਗਰਸ ਸਰਕਾਰ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਿਵਲ ਅਫਸਰ, ਸਿਆਸੀ ਲੀਡਰ ਤੇ ਪੁਲਿਸ ਵਿਚਾਲੇ ਗੱਠਜੋੜ ਹੈ। ਸਭ ਮਿਲ ਕੇ ਹੀ ਲੁੱਟ ਰਹੇ ਹਨ। ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸੀ ਵਿਧਾਇਕ ਵਿਧਾਇਕ ਪਰਗਟ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਲੰਧਰ ਕਾਰਪੋਰੇਸ਼ਨ 'ਚ ਵੱਡਾ ਭ੍ਰਿਸ਼ਟਾਚਾਰ ਹੈ। ਅਫ਼ਸਰ, ਕਲੋਨਾਈਜ਼ਰ ਤੇ ਸਿਆਸੀ ਲੀਡਰਾਂ ਦਾ ਗੱਠਜੋੜ ਲੁੱਟ ਰਿਹਾ ਹੈ। ਪੁਲਿਸ ਵੀ ਗੜਬੜੀ ਵਿੱਚ ਸ਼ਾਮਲ ਹੈ। ਉਂਝ ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਕਿਸੇ ਲੀਡਰ ਦਾ ਨਾਂ ਨਹੀਂ ਲਿਆ। ਦਰਅਸਲ ਪਰਗਟ ਸਿੰਘ ਜਲੰਧਰ ਵਿੱਚ ਨਾਜਾਇਜ਼ ਉਸਾਰੀਆਂ ਦੇ ਮੁੱਦੇ ਉੱਪਰ ਬੋਲ ਰਹੇ ਸੀ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੀ ਨਾਜਾਇਜ਼ ਉਸਾਰੀਆਂ ਵਿਰੁੱਧ ਮੁਹਿੰਮ ਬਿਲ਼ਕੁੱਲ ਜਾਇਜ਼ ਹੈ। ਉਹ ਸਿੱਧੂ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਜਲੰਧਰ ਦੇ ਤਿੰਨ ਵਿਧਾਇਕਾਂ ਤੇ ਸੰਸਦ ਮੈਂਬਰ ਦੇ ਵਿਰੋਧ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਸਿੱਧੂ ਨੇ ਜੋ ਕੀਤਾ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਖ਼ਿਲਾਫ਼ ਕੀਤਾ। ਉਨ੍ਹਾਂ ਇਸ਼ਾਰੇ-ਇਸਾਰੇ ਵਿੱਚ ਕਿਹਾ ਕਿ ਕੁਝ ਲੋਕ ਸਿਆਸਤ ਵਿੱਚ ਪੈਸੇ ਬਣਾਉਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿਸਟਮ ਵਿੱਚ ਭ੍ਰਿਸ਼ਟਾਚਾਰ ਹੈ। ਇਸ ਨੂੰ ਰੋਕਣ ਦੀ ਲੋੜ ਹੈ। ਇਹ ਇੱਕੋ ਦਿਨ ਖ਼ਤਮ ਨਹੀਂ ਹੋਣਾ।