ਸਿਰਸਾ:  ਲਗਭਗ 600 ਕਰੋੜ ਰੁਪਏ ਦੇ ਟਰਨ ਓਵਰ ਵਾਲੇ ਐੱਮ ਐੱਸ ਜੀ ਪ੍ਰੋਡਕਟਸ ਦੀ ਸੇਲ ਉੱਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਪ੍ਰੋਡਕਸ ‘ਤੇ ਗੰਭੀਰਤਾ ਨਾਲ ਨਜ਼ਰ ਰੱਖਣ ਵਾਲਾ ਇਸ ਵੇਲੇ ਡੇਰੇ ਵਿੱਚ ਕੋਈ ਨਹੀਂ ਹੈ। ਡੇਰੇ ਉੱਤੇ ਆਰਥਿਕ ਸੰਕਟ ਵੀ ਡੂੰਘਾ ਹੋ ਗਿਆ ਹੈ, ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਡੇਰੇ ਦੇ ਸਾਰੇ ਬੈਂਕ ਅਕਾਊਂਟ ਸੀਲ ਕਰ ਦਿੱਤੇ ਗਏ ਹਨ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਇਸ ਡੇਰੇ ਦੇ ਕਾਰੋਬਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਪੂਰੇ ਹਰਿਆਣਾ ਵਿੱਚ ਲਗਭਗ 600 ਕਰੋੜ ਟਰਨ ਓਵਰ ਦੇ ਐੱਮ ਐੱਸ ਜੀ ਪ੍ਰੋਡਕਟਸ ਲਾਂਚ ਕੀਤੇ ਸਨ। ਉਨ੍ਹਾਂ ਪ੍ਰੋਡਟਕਸ ਨੂੰ ਬਣਾਉਣ ਲਈ ਇਸ ਡੇਰੇ ਵਿੱਚ ਹੀ ਵੱਖ-ਵੱਖ ਉਦਯੋਗਿਕ ਯੂਨਿਟਾਂ ਲਾਈਆਂ ਗਈਆਂ। ਇੰਨਾ ਹੀ ਨਹੀਂ ਇਨ੍ਹਾਂ ਪ੍ਰੋਡਕਟਸ ਨੂੰ ਤਿਆਰ ਕਰਨ ਅਤੇ ਵੇਚਣ ਦੇ ਲਈ ਲਗਭਗ ਦਸ ਹਜ਼ਾਰ ਲੋਕ ਵੀ ਲੱਗੇ ਹੋਏ ਸਨ।

ਪ੍ਰਾਡਕਟਸ ਦਾ ਨਾਂਅ ‘ਐਮ ਐਸ ਜੀ’ ਅਸਲ ਵਿੱਚ ਡੇਰਾ ਮੁਖੀ ਦੀ ਫਿਲਮ ‘ਮੈਸੈਂਜਰ ਆਫ ਗਾਡ’ (ਐਮ ਐਸ ਜੀ) ਤੋਂ ਲਿਆ ਗਿਆ ਸੀ। ਪ੍ਰੋਡਕਟਸ ਦਾ ਪ੍ਰਬੰਧ ਕਰਨ ਵਾਲੀਆਂ ਸਾਰੀਆਂ ਟੀਮਾਂ ਨੇ ਆਪਣੇ ਬਚਾਅ ਲਈ ਹੁਣ ਆਪਣੇ ਮੋਬਾਈਲ ਨੰਬਰਾਂ ਨੂੰ ਸਵਿੱਚ ਆਫ ਜਾਂ ਨੋ-ਰਿਪਲਾਈ ਕੀਤਾ ਹੋਇਆ ਹੈ। ਕਰੀਬ 150 ਤੋਂ ਵੱਧ ਪ੍ਰੋਡਕਟਸ ਨੂੰ ਵੇਚਣ ਲਈ ਡੇਰਾ ਪ੍ਰਬੰਧ ਨੇ ਸਭ ਤੋਂ ਪਹਿਲਾਂ ਸਿਰਸਾ ਵਿੱਚ ਪੰਜ ਐੱਮ ਐੱਸ ਜੀ ਪ੍ਰੋਡਕਸ ਦੇ ਸ਼ੋਅਰੂਮ ਵੀ ਖੋਲ੍ਹੇ ਸਨ।

ਮੈਸਰਜ਼ ਬੀ ਐੱਮ ਟ੍ਰੇਡਰਸ ਨੂੰ ਐੱਮ ਐੱਸ ਜੀ ਪ੍ਰੋਡਕਟਸ ਦਾ ਹੋਲਸੇਲ ਡਿਸਟ੍ਰੀਬਿਊਟਰ ਨਿਯੁਕਤ ਕੀਤਾ ਗਿਆ ਸੀ। ਐੱਮ ਐੱਸ ਜੀ ਪ੍ਰੋਡਕਟਸ ਦਾ ਪ੍ਰਬੰਧ ਕਰਨ ਦਾ ਜਿੰਮਾ ਡੇਰਾ ਮੁਖੀ ਵੱਲੋਂ ਆਪਣੇ ਕੱਟੜ ਪੈਰੋਕਾਰ ਸੀ ਪੀ ਅਰੋੜਾ ਨੂੰ ਸੌਂਪਿਆ ਗਿਆ ਸੀ, ਜਿਹੜਾ ਚਾਰਟਰਡ ਅਕਾਊਂਟੈਂਟ ਹੈ।