ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਪੈਰੋਕਾਰ ਦੁਕਾਨਦਾਰ, ਜੋ ਉਥੇ ਦੁਕਾਨਾਂ ਚਲਾਉਂਦੇ ਸਨ, ਆਪਣੇ ਗ੍ਰਾਹਕਾਂ ਨੂੰ ਬਾਕੀ ਪੈਸੇ ਦੇਣ ਲਈ ਵੱਖਰੀ ਕਰੰਸੀ ਚਲਾਉਂਦੇ ਸਨ। ਡੇਰੇ ਦੇ ਅੰਦਰ ਅਤੇ ਆਲੇ-ਦੁਆਲੇ ਜਿਨ੍ਹਾਂ ਦੁਕਾਨਾਂ ਦੇ ਬੋਰਡਾਂ ਉੱਤੇ ਨਾਂਅ ਦੇ ਸ਼ੁਰੂ ਵਿੱਚ ‘ਸੱਚ’ ਲਿਖਿਆ ਹੁੰਦਾ ਸੀ, ਉਨ੍ਹਾਂ ਦੇ ਦੁਕਾਨਦਾਰ ਆਪਣੇ ਗ੍ਰਾਹਕ ਨੂੰ ਜੇ ਭਾਰਤੀ ਕਰੰਸੀ ਦੇ ਖੁੱਲ੍ਹੇ ਪੈਸੇ ਨਹੀਂ ਦੇ ਸਕਦੇ ਸਨ ਤਾਂ ਇਨ੍ਹਾਂ ਦੇ ਬਦਲੇ ਪੰਜ ਤੇ 10 ਰੁਪਏ ਦੇ ਪਲਾਸਟਿਕ ਦੇ ਡੇਰੇ ਵੱਲੋਂ ਜਾਰੀ ਕੀਤੇ ਸਿੱਕੇ ਜਾਂ ਟੋਕਨ ਦੇਂਦੇ ਹੁੰਦੇ ਸਨ।
ਮਿਲੀ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਜਾਰੀ ਕੀਤੇ ਜਾਂਦੇ ਇਨ੍ਹਾਂ ਸਿੱਕਿਆਂ ਉੱਤੇ ਇਹ ਲਿਖਿਆ ਹੁੰਦਾ ਸੀ, ‘ਧਨ ਧਨ ਸਤਗੁਰੂ ਤੇਰਾ ਹੀ ਆਸਰਾ, ਡੇਰਾ ਸੱਚਾ ਸੌਦਾ ਸਿਰਸਾ’। ਇਸ ਕਰੰਸੀ ਦੀ ਵਰਤੋਂ ਇਹ ਗ੍ਰਾਹਕ ਓਸ ਡੇਰੇ ਦੁਆਲੇ ‘ਸੱਚ’ ਦੇ ਬੋਰਡ ਵਾਲੀਆਂ ਦੁਕਾਨਾਂ ਤੋਂ ਸਾਮਾਨ ਖਰੀਦਣ ਦੇ ਲਈ ਕਰ ਸਕਦੇ ਸਨ। ਡੇਰਾ ਕਰੀਬ 1000 ਏਕੜ ਇਲਾਕੇ ਵਿੱਚ ਫੈਲਿਆ ਹੋਇਆ ਹੈ, ਜਿਸ ਦੀ ਆਪਣੀ ਟਾਊਨਸ਼ਿਪ, ਆਪਣੇ ਸਕੂਲ, ਖੇਡ ਪਿੰਡ, ਹਸਪਤਾਲ ਅਤੇ ਸਿਨੇਮਾ ਹਾਲ ਵੀ ਹੈ।
ਡੇਰੇ ਦੇ ਦੁਆਲੇ ਦੇ ਦੁਕਾਨਦਾਰ ‘ਸੱਚ ਦੀ ਦੁਕਾਨ’ ਚਲਾਉਂਦੇ ਸਨ ਅਤੇ ਉਨ੍ਹਾਂ ਕੋਲ ਵੱਖ-ਵੱਖ ਰੰਗ ਦੇ ਸਿੱਕੇ ਪਲਾਸਟਿਕ ਦੇ ਬਣੇ ਹੋਏ ਹੁੰਦੇ ਸਨ। ਡੇਰੇ ਦੇ ਹਾਲਾਤ ਦਾ ਜਾਇਜ਼ਾ ਲੈਣ ਸਿਰਸਾ ਪਹੁੰਚੇ ਕੁਝ ਪੱਤਰਕਾਰਾਂ ਨੂੰ ਵੀ ਭਾਰਤੀ ਕਰੰਸੀ ਦੇ ਬਜਾਏ ਅਜਿਹੇ ਪਲਾਸਟਿਕ ਦੇ ਸਿੱਕੇ ਦਿੱਤੇ ਗਏ।