ਲੁਧਿਆਣਾ: ਪਰਿਵਾਰਾਂ ਮੁਤਾਬਕ 'ਬੇਮੇਲ' ਜੋੜ ਤੋਂ ਅੱਕੇ ਪ੍ਰੇਮੀ ਜੋੜੇ ਨੇ ਉਨ੍ਹਾਂ ਸਾਹਮਣੇ ਜ਼ਹਿਰ ਨਿਗਲ ਕੇ ਖ਼ੁਕਦੁਸ਼ੀ ਕਰ ਲਈ। ਦਰਅਸਲ, ਪ੍ਰੇਮਿਕਾ ਆਪਣੇ ਪ੍ਰੇਮੀ ਨਾਲੋਂ 15 ਸਾਲ ਵੱਡੀ ਸੀ ਅਤੇ ਤਿੰਨ ਬੱਚਿਆਂ ਦੀ ਮਾਂ ਵੀ ਸੀ, ਜਿਸ ਕਰਕੇ ਦੋਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ਼ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਮੁੱਲਾਂਪੁਰ ਦੀ ਰਹਿਣ ਵਾਲੀ ਔਰਤ ਜਤਿੰਦਰੀ (36) ਤੇ ਪਿੰਡ ਜਵੱਦੀ ਦਾ ਵਾਸੀ ਨੌਜਵਾਨ ਅਰਜੁਨ (21) ਵਜੋਂ ਹੋਈ ਹੈ।


ਥਾਣਾ ਸਰਾਭਾ ਨਗਰ ਦੇ ਮੁਖੀ ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਜਤਿੰਦਰੀ ਵਿਆਹੀ ਹੋਈ ਸੀ ਤੇ ਤਿੰਨ ਬੱਚਿਆਂ ਦੀ ਮਾਂ ਸੀ, ਜਦਕਿ ਅਰਜੁਨ ਨਗਰ ਨਿਗਮ ’ਚ ਚੌਥਾ ਦਰਜਾ ਮੁਲਾਜ਼ਮ ਵਜੋਂ ਤਾਇਨਾਤ ਸੀ। ਦੋਵੇਂ ਲੰਮੇ ਸਮੇਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਸੀ। ਉਨ੍ਹਾਂ ਦੇ ਪਰਿਵਾਰ ਉਨ੍ਹਾਂ 'ਤੇ ਵੱਖ ਹੋਣ ਲਈ ਲਗਾਤਾਰ ਦਬਾਅ ਪਾ ਰਹੇ ਸਨ, ਪਰ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ।

ਤਿੰਨ ਬੱਚਿਆਂ ਦੀ ਮਾਂ ਤੇ ਉਮਰ ’ਚ ਵੱਡੀ ਹੋਣ ਕਾਰਨ ਅਰਜੁਨ ਦੇ ਪਰਿਵਾਰ ਵਾਲੇ ਜਤਿੰਦਰੀ ਨੂੰ ਕਬੂਲਣ ਤੋਂ ਮੁਨਕਰ ਸਨ। ਇਸੇ ਤਰ੍ਹਾਂ ਜਤਿੰਦਰੀ ਦੇ ਪਰਿਵਾਰ ਵਾਲੇ ਵੀ ਨਹੀਂ ਮੰਨ ਰਹੇ ਸਨ। ਦੋਵੇਂ ਜਣੇ ਬੀਤੀ 22 ਅਗਸਤ ਨੂੰ ਬਿਨਾ ਦੱਸੇ ਘਰੋਂ ਫ਼ਰਾਰ ਹੋ ਗਏ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ ਤੇ ਦੋਹਾਂ ਦੀ ਕਾਫ਼ੀ ਦਿਨਾਂ ਤੋਂ ਭਾਲ ਚੱਲ ਰਹੀ ਸੀ।

ਬੀਤੇ ਕੱਲ੍ਹ ਦੋਵੇਂ ਪਰਿਵਾਰਾਂ ਨੇ ਆਪਸ ’ਚ ਗੱਲ ਕਰਨ ਤੋਂ ਬਾਅਦ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਸਾਹਮਣੇ ਮੰਗਲਵਾਰ ਨੂੰ ਮੀਟਿੰਗ ਰੱਖੀ ਸੀ ਜਿੱਥੇ ਜਤਿੰਦਰੀ ਤੇ ਅਰਜੁਨ ਨੂੰ ਵੀ ਬੁਲਾਇਆ ਗਿਆ ਸੀ। ਉੱਥੇ ਜਦ ਦੋਹਾਂ ਪਰਿਵਾਰਾਂ ਨੇ ਉਨ੍ਹਾਂ ਨੂੰ ਵੱਖ ਕਰਨ ਦੀ ਗੱਲ ਕੀਤੀ ਤਾਂ ਅਚਾਨਕ ਦੋਹਾਂ ਨੇ ਸਲਫਾਸ ਨਿਗਲ ਲਈ। ਦੋਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ।

ਦੋਵਾਂ ਦੀ ਹਾਲਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ। ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਦੋਵੇਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।