ਨਵੀਂ ਦਿੱਲੀ: 36 ਸਾਲ ਪਹਿਲਾਂ ਏਅਰ ਇੰਡੀਆ ਦਾ ਜਹਾਜ਼ ਅਗ਼ਵਾ ਕਰ ਲਾਹੌਰ ਲੈ ਜਾਣ ਵਾਲੇ ਸਿੱਖਾਂ ਵਿਰੁੱਧ ਜਾਰੀ ਕੇਸ ਵਿੱਚ ਅਦਾਲਤ ਨੇ ਦੇਸ਼-ਧ੍ਰੋਹ ਦੀ ਧਾਰਾ ਨੂੰ ਖ਼ਤਮ ਕਰ ਦਿੱਤਾ ਹੈ। ਹੇਠਲੀ ਅਦਾਲਤ ਨੇ ਸਤਨਾਮ ਸਿੰਘ ਪਾਉਂਟਾ ਸਾਹਿਬ ਤੇ ਤੇਜਿੰਦਰਪਾਲ ਸਿੰਘ ਵਿਰੁੱਧ ਆਈ.ਪੀ.ਸੀ. ਦੀਆਂ ਨਵੀਆਂ ਧਾਰਾਵਾਂ, ਸੈਕਸ਼ਨ 121-ਏ ਤੇ 121 (ਦੇਸ਼ ਵਿਰੁੱਧ ਜੰਗ ਛੇੜਨ) ਦੀ ਧਾਰਾ ਲਗਾ ਦਿੱਤੀ ਹੈ। ਫਿਲਹਾਲ ਦੋਵੇਂ ਮੁਲਜ਼ਮ ਜ਼ਮਾਨਤ 'ਤੇ ਹਨ। ਪੰਜ ਸਿੱਖ ਨੌਜਵਾਨ ਗਜਿੰਦਰ ਸਿੰਘ, ਜਸਬੀਰ ਸਿੰਘ, ਕਰਨ ਸਿੰਘ, ਸਤਨਾਮ ਸਿੰਘ ਤੇ ਤੇਜਿੰਦਰਪਾਲ ਸਿੰਘ 29 ਸਤੰਬਰ 1981 ਨੂੰ ਏਅਰ ਇੰਡੀਆ ਦੀ ਫਲਾਈਟ ਆਈ.ਸੀ.-423 ਨੂੰ ਅਗ਼ਵਾ ਕਰ ਲਾਹੌਰ ਲੈ ਗਏ ਸੀ। ਉਨ੍ਹਾਂ ਨੇ ਜਹਾਜ਼ ਸਿੱਖ ਲੀਡਰ ਦੀ ਜੇਲ੍ਹ ਵਿੱਚੋਂ ਰਿਹਾਈ ਕਰਵਾਉਣ ਲਈ ਅਗ਼ਵਾ ਕੀਤਾ ਸੀ। ਪੰਜਾਂ ਦਾ ਸਬੰਧ ਖਾਲਿਸਤਾਨ ਪੱਖੀ ਸੰਸਥਾ ਦਲ ਖ਼ਾਲਸਾ ਨਾਲ ਹੈ। ਸਾਰਿਆਂ ਨੂੰ ਪਾਕਿਸਤਾਨ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ 14 ਸਾਲਾਂ ਦੀ ਕੈਦ ਕੀਤੀ ਗਈ ਸੀ। ਉੱਥੋਂ ਰਿਹਾ ਹੋ ਕੇ ਪਰਤੇ ਸਤਨਾਮ ਤੇ ਤੇਜਿੰਦਰਪਾਲ ਨੂੰ 1999 ਵਿੱਚ ਭਾਰਤ ਵਿੱਚ ਗ੍ਰਿਫਤਾਰ ਕਰ ਲਿਆ ਸੀ ਤੇ ਆਈ.ਪੀ.ਸੀ. ਦੇ ਸੈਕਸ਼ਨ 124-ਏ (ਦੇਸ਼ ਧ੍ਰੋਹ), 121-ਏ, 120-ਬੀ(ਅਪਰਾਧਿਕ ਗਤੀਵਿਧੀਆਂ) ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਬਾਕੀ ਅਗ਼ਵਾਕਾਰ ਕਦੇ ਭਾਰਤ ਨਹੀਂ ਪਰਤੇ। ਗਜਿੰਦਰ ਸਿੰਘ ਹਾਲੇ ਵੀ ਪਾਕਿਸਤਾਨ ਵਿੱਚ ਰਹਿ ਰਿਹਾ ਹੈ ਜਦਕਿ ਜਸਬੀਰ ਤੇ ਕਰਨ ਨੂੰ ਸਵਿੱਟਜ਼ਰਲੈਂਡ ਵਿੱਚ ਸ਼ਰਣ ਮਿਲ ਗਈ ਸੀ।