ਇਮਰਾਨ ਖ਼ਾਨ

ਜਲੰਧਰ: ਭੋਲਾ ਡਰੱਗਜ਼ ਰੈਕੇਟ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਅੱਠ ਹਫ਼ਤਿਆਂ ਵਿੱਚ ਮੁਲਜ਼ਮ ਜਗਜੀਤ ਚਹਿਲ ਸਣੇ 13 ਮੁਲਜ਼ਮਾਂ ਦਾ ਟ੍ਰਾਇਲ ਮੁਕੱਮਲ ਕਰਨ ਲਈ ਕਿਹਾ ਹੈ। ਡਰੱਗਜ਼ ਮਾਮਲੇ ਵਿੱਚ ਜੇਲ ਵਿੱਚ ਬੰਦ ਮੁਲਜ਼ਮ ਜਗਜੀਤ ਚਹਿਲ ਨੇ ਜ਼ਮਾਨਤ ਲਈ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਸੀ। ਈਡੀ ਵੱਲੋਂ ਜ਼ਮਾਨਤ ਦਾ ਵਿਰੋਧ ਕੀਤੇ ਜਾਣ 'ਤੇ ਚਹਿਲ ਦੇ ਵਕੀਲ ਦੀ ਦਲੀਲ ਸੀ ਕਿ ਟ੍ਰਾਇਲ ਵਿੱਚ ਦੇਰੀ ਹੋ ਰਹੀ ਹੈ ਇਸ ਲਈ ਜ਼ਮਾਨਤ ਦਿੱਤੀ ਜਾਵੇ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਈਡੀ ਦੀ ਵਕੀਲ ਰੰਜਨਾ ਸ਼ਾਹੀ ਨੇ ਦੱਸਿਆ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਚਹਿਲ ਵਾਲੇ ਕੇਸ ਦੀ ਪੁੱਛਗਿੱਛ ਅੱਠ ਹਫ਼ਤਿਆਂ ਵਿੱਚ ਮੁਕੰਮਲ ਕਰਨ ਲਈ ਕਿਹਾ ਹੈ। ਮੁਹਾਲੀ ਦੀ ਸਪੈਸ਼ਲ ਸੀਬੀਆਈ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ।



ਜਗਜੀਤ ਚਹਿਲ ਵਾਲੇ ਕੇਸ ਵਿੱਚ ਹੀ ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ, ਫਿਲੌਰ ਦੇ ਪੁੱਤਰ ਦਮਨਬੀਰ ਸਿੰਘ ਅਤੇ ਸਾਬਕਾ ਅਕਾਲੀ ਐਮਐਲਏ ਅਵਿਨਾਸ਼ ਚੰਦਰ ਦਾ ਨਾਂਅ ਵੀ ਹੈ। ਈਡੀ ਨੇ ਇਨਾਂ 'ਤੇ ਕਾਲਾ ਧਨ ਰੋਕੂ ਕਾਨੂੰਨ (ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ-ਪੀਐਮਐਲਏ) ਤਹਿਤ ਕੇਸ ਦਰਜ ਕਰ ਕੇ ਚਾਰਜਸ਼ੀਟ ਕੋਰਟ ਵਿੱਚ ਦਾਖਲ ਕੀਤੀ ਹੋਈ ਹੈ। ਇਸ ਕੇਸ ਵਿੱਚ ਇਨ੍ਹਾਂ ਤੋਂ ਇਲਾਵਾ ਜਗਜੀਤ ਚਹਿਲ ਦੀ ਪਤਨੀ ਪਰਮਜੀਤ ਚਹਿਲ, ਮਾਂ ਇੰਦਰਜੀਤ ਚਹਿਲ, ਕਾਰੋਬਾਰੀ ਸਚਿਨ ਸਰਦਾਨਾ, ਮਾਂ ਕੈਲਾਸ਼ ਸਰਦਾਨਾ ਅਤੇ ਪਿਤਾ ਸੁਸ਼ੀਲ ਸਰਦਾਨਾ ਦਾ ਨਾਂ ਹੈ। 13 ਮੁਲਜ਼ਮਾਂ ਵਿੱਚੋਂ ਕੈਨੇਡਾ ਵਿੱਚ ਰਹਿਣ ਵਾਲਾ ਜਸਵਿੰਦਰ ਸਿੰਘ ਭਗੌੜਾ ਹੈ ਤੇ ਜਗਜੀਤ ਚਹਿਲ ਜੇਲ੍ਹ ਵਿੱਚ ਹੈ ਅਤੇ ਬਾਕੀ ਸਾਰੇ ਬਾਹਰ ਹਨ।

14 ਦਸੰਬਰ ਨੂੰ ਹੋਈ ਸੁਣਵਾਈ ਦੌਰਾਨ ਹਾਈਕੋਰਟ ਵੱਲੋਂ ਇਹ ਹੁਕਮ ਦਿੱਤੇ ਗਏ। ਜਗਜੀਤ ਚਹਿਲ ਦੀ ਜ਼ਮਾਨਤ ਅਰਜ਼ੀ ਦੀ ਅਗਲੀ ਸੁਣਵਾਈ 21 ਫਰਵਰੀ 2019 ਵਿੱਚ ਹੋਵੇਗੀ। ਹਾਈਕੋਰਟ ਨੇ ਉਸ ਦਿਨ ਈਡੀ ਨੂੰ ਟ੍ਰਾਇਲ ਦੀ ਸਟੇਟਸ ਰਿਪੋਰਟ ਵੀ ਪੇਸ਼ ਕਰਨ ਲਈ ਕਿਹਾ ਹੈ। ਫਿਲਹਾਲ ਹਫ਼ਤੇ ਵਿੱਚ ਦੋ ਵਾਰ ਟ੍ਰਾਇਲ ਚੱਲਦਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇਕਰ ਲੋੜ ਹੈ ਤਾਂ ਹਫ਼ਤੇ ਵਿੱਚ ਤਿੰਨ ਦਿਨ ਟ੍ਰਾਇਲ ਚਲਾਏ ਜਾਣ।

ਜੁਲਾਈ 2017 ਵਿੱਚ ਜਦੋਂ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਤੋਂ ਜਾਂਚ ਲੈ ਕੇ ਦੋ ਹੋਰ ਪੜਤਾਲੀਆ ਅਫ਼ਸਰਾਂ ਨੂੰ ਦਿੱਤੀ ਗਈ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਲਟਕ ਰਿਹਾ ਹੈ। ਹੁਣ ਦੋ ਮਹੀਨਿਆਂ ਵਿੱਚ ਟ੍ਰਾਇਲ ਪੂਰਾ ਕਰਵਾਉਣਾ ਵੀ ਈਡੀ ਲਈ ਵੱਡਾ ਚੈਲੰਜ ਹੋਵੇਗਾ। ਟ੍ਰਾਇਲ ਤੋਂ ਬਾਅਦ ਬਚਾਅ ਪੱਖ ਬਹਿਸ ਕਰੇਗਾ ਅਤੇ ਫਿਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ।