ਲੁਧਿਆਣਾ: ਬਹੁ ਕਰੋੜੀ ਸਿਟੀ ਸੈਂਟਰ ਘੁਟਾਲਾ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਦੀ ਪਟੀਸ਼ਨ 'ਤੇ ਸੁਣਵਾਈ ਹੋਈ ਹੈ। ਅਦਾਲਤ ਇਸ 'ਤੇ ਬਹਿਸ ਕਰਵਾਉਣ ਨੂੰ ਰਾਜ਼ੀ ਹੋ ਗਈ ਹੈ। ਜ਼ਿਲ੍ਹਾ ਅਦਾਲਤ ਨੇ ਆਉਂਦੀ ਪੰਜ ਜਨਵਰੀ ਨੂੰ ਮਾਮਲੇ ਦੀ ਸੁਣਵਾਈ ਕਰਨ ਦੀ ਤਾਰੀਖ਼ ਪਾ ਦਿੱਤੀ ਹੈ। ਇਸ ਦਿਨ ਮਾਮਲੇ 'ਤੇ ਬਹਿਸ ਵੀ ਹੋਵੇਗੀ।
ਸੁਮੇਧ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਅਦਾਲਤ ਨੂੰ ਕਈ ਦਸਤਾਵੇਜ਼ ਵਿਖਾਏ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਮਾਮਲੇ ਦੇ ਅਹਿਮ ਤੱਥਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਸਾਬਕਾ ਪ੍ਰਿੰਸੀਪਲ ਸਕੱਤਰ ਐਸਐਸ ਬਜਾਜ ਦੀ ਗਵਾਹੀ ਹੈ। ਰਮਨਪ੍ਰੀਤ ਸਿੰਘ ਨੇ ਕਿਹਾ ਕਿ ਬਜਾਜ ਨੇ ਸਾਫ ਕੀਤਾ ਕਿ ਇਹ ਘੁਟਾਲਾ 1500 ਕਰੋੜ ਤੋਂ ਵੱਧ ਦਾ ਹੈ ਜਿਸ ਕਾਰਨ ਸੂਬੇ ਨੂੰ ਨੁਕਸਾਨ ਹੋਇਆ। ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ 32 ਮੁਲਜ਼ਮ ਨਾਮਜ਼ਦ ਹਨ।
ਵਿਜੀਲੈਂਸ ਬਿਊਰੋ ਨੇ ਇਸ ਕੇਸ ਨੂੰ ਕੋਈ ਘਪਲਾ ਨਹੀਂ ਹੋਇਆ ਕਹਿ ਕੇ ਕੈਂਸਲੇਸ਼ਨ ਰਿਪੋਰਟ ਦਰਜ ਕੀਤੀ ਹੋਈ ਹੈ, ਜਿਸ 'ਤੇ ਅਦਾਲਤ ਦਾ ਫੈਸਲਾ ਆਉਣਾ ਹੈ। ਅਦਾਲਤ ਵੱਲੋਂ ਫੈਸਲਾ ਲੈਣ ਤੋਂ ਪਹਿਲਾਂ ਹੀ ਇਸ ਕਲੋਜ਼ਰ ਰਿਪੋਰਟ ਵਿਰੁੱਧ ਦੋ ਅਰਜ਼ੀਆਂ ਪੈ ਚੁੱਕੀਆਂ ਹਨ, ਜਿਨ੍ਹਾਂ ਦਾ ਨਿਬੇੜਾ ਹੋਣਾ ਹਾਲੇ ਬਾਕੀ ਹੈ। ਸਾਲ 2007 ਤੋਂ ਇਹ ਮਾਮਲਾ ਚੱਲ ਰਿਹਾ ਸੀ ਅਤੇ 2017 ਵਿੱਚ ਜਦ ਕੈਪਟਨ ਮੁੱਖ ਮੰਤਰੀ ਬਣੇ ਤਾਂ ਕੁਝ ਹੀ ਸਮੇਂ ਬਾਅਦ ਵਿਜੀਲੈਂਸ ਨੇ ਉਨ੍ਹਾਂ ਕਲੀਨ ਚਿੱਟ ਮਿਲ ਗਈ ਸੀ। ਪਰ ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਤਰਕ ਹੈ ਕਿ ਉਨ੍ਹਾਂ ਦਾ ਪੱਖ ਸੁਣੇ ਬਗ਼ੈਰ ਇਹ ਮਾਮਲਾ ਬੰਦ ਨਹੀਂ ਕੀਤਾ ਜਾ ਸਕਦਾ।