ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਸਿੱਖ ਕਤਲੇਆਮ ਵਿੱਚ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਦਾ ਸਵਾਗਤ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਵਿੱਚ ਸਭ ਤੋਂ ਖ਼ਤਰਨਾਕ ਹਿੰਸਾ ਦੇ ਪੀੜਤਾਂ ਨੂੰ ਆਖ਼ਰ ਨਿਆਂ ਮਿਲ ਹੀ ਗਿਆ ਹੈ। ਦਿੱਲੀ ਹਾਈਕੋਰਟ ਨੇ ਸੋਮਵਾਰ ਸਵੇਰੇ ਪੰਜ ਸਿੱਖਾਂ ਦੇ ਕਤਲ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਪੰਜ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਨਿਆਂ ਦੇਰੀ ਨਾਲ ਮਿਲਿਆ ਪਰ ਇਹ ਸਵਾਗਤਯੋਗ ਹੈ।


ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੇਠਲੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਬਦਲੇ ਜਾਣ ਨੂੰ ਭਾਰਤ ਦੀ ਨਿਆਂ ਪ੍ਰਣਾਲੀ ਦੀ ਜਿੱਤ ਦੱਸਿਆ ਹੈ। ਕੈਪਟਨ ਨੇ ਕਿਹਾ ਕਿ ਉਹ ਸਾਬਕਾ ਕਾਂਗਰਸੀ ਸੰਸਦ ਮੈਂਬਰ ਵਿਰੁੱਧ ਪਿਛਲੇ ਲੰਮੇ ਸਮੇਂ ਤੋਂ ਇਹੋ ਸਟੈਂਡ ਰੱਖਦੇ ਆਏ ਹਨ। ਹਾਲਾਂਕਿ, ਕੈਪਟਨ ਨੇ ਦਿੱਲੀ ਵਿੱਚ ਸਿੱਖਾਂ ਵਿਰੁੱਧ ਹਿੰਸਾ ਭੜਕਾਉਣ ਵਿੱਚ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੱਜਣ ਕੁਮਾਰ ਦੇ ਨਾਲ-ਨਾਲ ਕਾਂਗਰਸੀ ਲੀਡਰਰ ਧਰਮ ਦਾਸ ਸ਼ਾਸਤਰੀ, ਐਚਕੇਐਲ ਭਗਤ ਤੇ ਅਰਜੁਨ ਦਾਸ ਦਾ ਨਾਂਅ ਵੀ ਸਿੱਖ ਕਤਲੇਆਮ ਵਿੱਚ ਉੱਛਲਦਾ ਹੈ। ਉਨ੍ਹਾਂ ਨੂੰ ਇਨ੍ਹਾਂ ਲੀਡਰਾਂ ਦੇ ਨਾਂਅ 34 ਸਾਲ ਪਹਿਲਾਂ ਸ਼ਰਨਾਰਥੀ ਕੈਂਪਾਂ ਵਿੱਚ ਮਿਲੇ ਪੀੜਤਾਂ ਨੇ ਦੱਸੇ ਸਨ। ਉਨ੍ਹਾਂ ਕਿਹਾ ਕਿ ਉਹ ਹੋਰਨਾਂ ਦੋਸ਼ੀਆਂ ਵਾਸਤੇ ਵੀ ਸਖ਼ਤ ਸਜ਼ਾ ਦੀ ਮੰਗ ਕਰਦੇ ਹਨ।