ਚੰਡੀਗੜ੍ਹ: 1984 ਸਿੱਖ ਕਤਲੇਆਮ ਦੇ 34 ਸਾਲਾਂ ਬਾਅਦ ਅੱਜ ਦਿੱਲੀ ਹਾਈਕੋਰਟ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਫੈਸਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੱਜਣ ਨੂੰ ਮਿਲੀ ਸਜ਼ਾ ਬਾਅਦ ਹੁਣ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਬੱਝੀ ਹੈ ਪਰ ਅਜੇ ਵੀ ਇਨਸਾਫ ਅਧੂਰਾ ਹੈ। ਉਨ੍ਹਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।


ਲੌਂਗੋਵਾਲ ਨੇ ਕਿਹਾ ਕਿ ਕਤਲੇਆਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਮਲਨਾਥ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਹਮੇਸ਼ਾ ਹੀ ਸਿੱਖਾਂ ਖਿਲਾਫ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਬੀਜੇਪੀ ਦੇ ਗੁਣ ਗਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਮੋਦੀ ਦੇ ਰਾਜ ਵਿੱਚ ਸਿੱਖਾਂ ਨੂੰ ਇਨਸਾਫ਼ ਮਿਲਿਆ ਹੈ। ਇਸੇ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ।

ਇਸੇ ਸਬੰਧੀ ਅਕਾਲੀ ਲੀਡਰ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਕੇਂਦਰ ਦੀ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਈ ਸਿਟ ਦੀ ਵਜ੍ਹਾ ਕਰਕੇ ਹੀ ਇਹ ਨਤੀਜਾ ਸਾਹਮਣੇ ਆਇਆ ਹੈ। ਇਸ ਫੈਸਲੇ ਨਾਲ ਲੋਕਾਂ ਨੂੰ ਕਾਫੀ ਖ਼ੁਸ਼ੀ ਤੇ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੇ ਹੀ ਬੰਦ ਪਏ ਕੇਸ ਖੁੱਲ੍ਹਵਾਏ ਹਨ।

ਉਨ੍ਹਾਂ ਤੋਂ ਇਲਾਵਾ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਐਚਐਸ ਫੂਲਕਾ ਨੇ ਇਸੇ ਕੇਸ ਕਰਕੇ ਵਿਰੋਧੀ ਧਿਰ ਦੇ ਲੀਡਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਆਪਣਾ ਸੰਘਰਸ਼ ਜਾਰੀ ਰੱਖਿਆ। ਉਨ੍ਹਾਂ ਕਿਹਾ ਅਦਾਲਤ ਨੇ ਬਹੁਤ ਵਧੀਆ ਫੈਸਲਾ ਸੁਣਾਇਆ। ਇਸ ਨਾਲ ਕਾਨੂੰਨ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਇਸ ਕੇਸ ਵਿੱਚ ਆਪਣੇ ਕਿਸੇ ਵੀ ਲੀਡਰ ਦੀ ਸ਼ਮੂਲੀਅਤ ਤੋਂ ਇਨਕਾਰ ਕਰਦੀ ਸੀ ਪਰ ਹੁਣ ਸਭ ਕੁਝ ਸਾਹਮਣੇ ਆ ਗਿਆ ਹੈ ਤੇ ਇਸ ਲਈ ਕਾਂਗਰਸ ਨੂੰ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।