ਚੰਡੀਗੜ੍ਹ: ਬੀਤੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਦਲ ਦੇ ਬਾਗੀ ਟਕਸਾਲੀਆਂ ਨੇ ਨਵੀਂ ਪਾਰਟੀ ਬਣਾਈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਨਾਂਅ ਦਿੱਤਾ ਗਿਆ। ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡਾ ਇਕੱਠ ਹੋਇਆ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ 13 ਅਪ੍ਰੈਲ 2019 ਤੱਕ ਪਾਰਟੀ ਨੂੰ ਪੂਰਾ ਕੀਤਾ ਜਾਏਗਾ। ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਬਾਦਲ ਸਾਹਬ ਨੂੰ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਕੱਲਾ ਰਹਿ ਜਾਏਗਾ।

ਸੇਖਵਾਂ ਨੇ ਕਿਹਾ ਕਿ ਬਾਦਲ ਸਾਹਬ ਦਾ ਪੁੱਤਰ ਮੋਹ ਵਧਦਾ ਜਾ ਰਿਹਾ। ਕਾਂਗਰਸ ਨਾਲ ਗਠਜੋੜ ਸਬੰਧੀ ਉਨ੍ਹਾਂ ਕਿਹਾ ਕਿ ਕਿਸੇ ਕੀਮਤ 'ਤੇ ਕਾਂਗਰਸ ਨਾਲ ਸਬੰਧ ਨਹੀਂ ਬਣਾਉਣਗੇ। ਹਾਲਾਂਕਿ ਜਿਹੜੀ ਪਾਰਟੀ ਲੋਕਾਂ ਦੇ ਭਲੇ ਦੀ ਗੱਲ ਕਰੇਗੀ, ਉਹ ਉਨ੍ਹਾਂ ਨਾਲ ਜਾ ਸਕਦੇ।

ਉਨ੍ਹਾਂ ਕਿਹਾ ਕਿ ਪਾਰਟੀ ਬਣਾਉਣ ਲਈ ਪੁਰਾਣੀ ਮਰਿਯਾਦਾ ਰੱਖੀ ਗਈ ਹੈ। ਵਿਧਾਨ ਮੁਤਾਬਕ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਹੋਵੇਗੀ। ਪਾਰਟੀ ਵਿੱਚ ਆਪਣਾ ਭੂਮਿਕਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਕੋਈ ਅਹੁਦਾ ਨਹੀਂ ਲੈਣਾ ਚਾਹੁੰਦੇ। ਉਹ MP ਜਾਂ MLA ਦੀ ਚੋਣ ਵੀ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਚੰਗੀ ਸੋਚ ਰੱਖਣ ਵਾਲੇ ਸਾਰੇ ਸਾਡੇ ਉਨ੍ਹਾਂ ਦਾ ਸਮਰਥਨ ਕਰਨਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਸਾਬਕਾ ਸਾਂਸਦ ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡਾ ਇਕੱਠ ਦੱਸਦਾ ਹੈ ਕਿ ਇਹੀ ਅਸਲੀ ਅਕਾਲੀ ਦਲ ਹੈ। ਉਨ੍ਹਾਂ ਬਾਦਲ ਨੂੰ ‘ਨਕਲੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਬਾਰੇ ਛੇਤੀ ਫੈਸਲਾ ਲਿਆ ਜਾਏਗਾ।