ਚੰਡੀਗੜ੍ਹ: ਪੁਲਵਾਮਾ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਰੂਪਨਗਰ ਦੇ ਪਿੰਡ ਰੌਲੀ ਦੇ 26 ਸਾਲਾ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਇਲਾਕੇ ਦੇ ਲੋਕ ਇਕੱਤਰ ਹੋਏ।
ਸ਼ਹੀਦ ਦੀ ਅੰਤਿਮ ਯਾਤਰਾ ਵਿੱਚ ਸ਼ਰੀਕ ਹੋਏ ਲੋਕਾਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ ਅਤੇ ਤਿਰੰਗਾ ਲਹਿਰਾਉਂਦੇ ਹੋਏ ਸ਼ਹੀਦ ਦੇ ਮ੍ਰਿਤਰ ਦੇਹ ਨੂੰ ਸ਼ਮਸ਼ਾਨ ਘਾਟ ਤਕ ਲਿਜਾਇਆ ਗਿਆ। ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਵਾਹਿਗੁਰੂ ਦਾ ਜਾਪ ਕੀਤਾ ਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ।
ਸੀਆਰਪੀਐਫ ਦੀ ਟੁਕੜੀ ਨੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਬੰਦੂਕਾਂ ਦੀ ਸਲਾਮੀ ਕਰਕੇ ਫ਼ੌਜੀ ਰਿਵਾਇਤ ਨਾਲ ਸਲਾਮੀ ਦਿੱਤੀ। ਇਸ ਮੌਕੇ ਸੀਆਰਪੀਐਫ ਦੇ ਅਫ਼ਸਰ ਏ.ਐਸ. ਨੇਗੀ ਨੇ ਕਿਹਾ ਕਿ ਲੋਕਾਂ ਦਾ ਜੋਸ਼ ਵੇਖ ਕੇ ਉਨ੍ਹਾਂ ਦਾ ਹੌਸਲਾ ਬੁਲੰਦ ਹੋ ਗਿਆ ਹੈ ਇਸ ਲਈ ਉਹ ਹੋਰ ਜੋਸ਼ ਨਾਲ ਲੜਨਗੇ।
ਅਨੰਦਪੁਰ ਸਾਹਿਬ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਜ਼ਿਲ੍ਹਾ ਪ੍ਰਸ਼ਾਸਨ ਦੇ ਆਹਲਾ ਅਧਿਕਾਰੀ ਅਤੇ ਹੋਰ ਸਿਆਸੀ ਸ਼ਖ਼ਸੀਅਤਾਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪੁੱਜੇ। ਇਸ ਮੌਕੇ ਰੋਪੜ ਅਤੇ ਨੂਰਪੁਰ ਬੇਦੀ ਪੂਰੀ ਤਰ੍ਹਾਂ ਬੰਦ ਰਹੇ।