ਮੋਗਾ: ਬਾਲੀਵੁਡ ਐਕਟਰ ਸੋਨੂ ਸੂਦ ਤੇ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਬਾਅਦ ਕਿੰਗਸ ਇਲੇਵਨ ਪੰਜਾਬ ਦੇ ਆਲ ਰਾਉਂਡਰ ਹਰਪ੍ਰੀਤ ਬਰਾੜ ਨੇ ਪੂਰੀ ਦੁਨੀਆ ਵਿੱਚ ਮੋਗਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰਿਕਟ ਦੇ ਦਿਗਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏਬੀ ਡਿਵਿਲਇਰਸ ਨੂੰ ਹਰਪ੍ਰੀਤ ਬਰਾੜ ਨੇ ਆਊਟ ਕੀਤਾ।
ਹਰਪ੍ਰੀਤ ਬਰਾਰ ਨੇ IPL ਵਿੱਚ ਕਿੰਗਸ ਇਲੇਵਨ ਪੰਜਾਬ ਦੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਵਧੀਆ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਵੀ ਦਵਾਈ। ਹਰਪ੍ਰੀਤ ਬਰਾੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਦਾ ਰਹਿਣ ਵਾਲਾ ਹੈ ਤੇ ਹਰਪ੍ਰੀਤ 2019 ਵਿੱਚ IPL ਦੀ ਟੀਮ ਲਈ ਸਿਲੇਕਟ ਹੋਏ ਸਨ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹਰਪ੍ਰੀਤ ਦੇ ਪਿਤਾ ਨੇ ਕਿਹਾ ਮੇਰੇ ਬੇਟੇ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਂਕ ਸੀ ਤੇ ਉਹ ਬਹੁਤ ਹੀ ਮਿਹਨਤ ਕਰਦਾ ਸੀ। ਅੱਜ ਉਸ ਦੀ ਮਿਹਨਤ ਸਦਕਾ ਉਸ ਨੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਹਰਪ੍ਰੀਤ ਪਿਛਲੇ ਸਾਲ IPL ਦੇ ਟੀਮ ਵਿੱਚ ਸਿਲੈਕਟ ਹੋਏ ਸਨ, ਉੱਤੇ ਆਪਣਾ ਪਰਫਾਰਮੰਸ ਵਿਖਾ ਨਹੀ ਸਕਿਆ।
ਇਸ ਵਾਰ ਕਿੰਗਸ ਇਲੇਵਨ ਪੰਜਾਬ ਦੀ ਟੀਮ ਵਿੱਚ ਖੇਡ ਰਿਹਾ ਹੈ ਤੇ ਇਸ ਵਾਰ ਉਸਨੇ ਆਪਣੀ ਮਿਹਨਤ ਪੁਰੀ ਦੁਨੀਆ ਨੂੰ ਵਿਖਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਪੁੱਤਰ ਨੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਦੁਆ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਭਾਰਤੀ ਟੀਮ ਵਿੱਚ ਵੀ ਆਪਣੀ ਜਗ੍ਹਾ ਬਣਾਏ।
ਆਪਣੇ ਪੋਤਰੇ ਦੇ ਪ੍ਰਦਰਸ਼ਨ ਤੋਂ ਖੁਸ਼ ਬਜ਼ੁਰਗ ਦਾਦੀ ਨੇ ਹਰਪ੍ਰੀਤ ਨੂੰ ਜਿੱਥੇ ਵਧਾਈ ਦਿੱਤੀ ਤਾਂ ਉੱਥੇ ਹੀ ਉਸ ਨੇ ਕਿਹਾ ਕਿ ਉਨ੍ਹਾਂ ਦੇ ਪੋਤਰੇ ਦੇ ਵਧੀਆ ਪ੍ਰਦਰਸ਼ਨ ਨੂੰ ਵੇਖ ਕੇ ਉਨ੍ਹਾਂ ਦਾ ਹੌਸਲਾ ਹੋਰ ਵਧ ਗਿਆ ਹੈ।
ਹਰਪ੍ਰੀਤ ਦੀ ਇਸ ਸ਼ਾਨਦਾਰ ਪਰਫਾਰਮੇਂਸ ਤੋਂ ਬਾਅਦ ਹਰਪ੍ਰੀਤ ਦੇ ਘਰ ਪਿੰਡ ਵਾਸੀ ਵਧਾਈ ਦੇਣ ਲਈ ਪਹੁੰਚ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਾਨੂੰ ਮਾਣ ਹੈ ਕਿ ਇਕ ਛੋਟੇ ਜਿਹੇ ਅਤੇ ਸਧਾਰਨ ਪਰਿਵਾਰ ਨਾਲ ਸਬੰਧਤ ਹਰਪ੍ਰੀਤ ਨੇ ਪਿੰਡ ਦਾ ਹੀ ਨਹੀਂ ਸਗੋਂ ਪੂਰੇ ਮੋਗਾ ਜਿਲ੍ਹੇ ਦਾ ਦੁਨੀਆ ਵਿੱਚ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਅੱਗੇ ਵੀ ਹਰਪ੍ਰੀਤ ਇੰਝ ਹੀ ਚੰਗਾ ਪ੍ਰਦਰਸ਼ਨ ਕਰਦਾ ਰਹੇ।