ਗੁਰਦਸਾਪੁਰ: ਵਿਜਿਲੇਂਸ ਬਿਊਰੋ ਨੇ ਵੱਡੇ ਪੱਧਰ ਉੱਤੇ ਕਾਰਵਾਈ ਕਰਦੇ ਹੋਏ ਪੰਜਾਬ ਰੋਡਵੇਜ਼ ਵਿੱਚ ਚੱਲ ਰਹੇ ਸੂਬਾ ਪੱਧਰੀ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਬੇਨਕਾਬ ਕੀਤਾ ਹੈ। ਬਿਊਰੋ ਨੇ ਕਾਰਵਾਈ ਕਰਦੇ ਹੋਏ ਪੰਜਾਬ ਰੋਡਵੇਜ਼ ਬਟਾਲਾ ਡਿਪੋ ਦੇ ਜਨਰਲ ਮੈਨੇਜਰ ਸਮੇਤ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਡਿਪਟੀ ਡਾਇਰੇਕਟਰ ਸਟੇਟ ਟਰਾਂਸਪੋਰਟ ਸਮੇਤ ਪੰਜ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਵਿਜੀਲੈਂਸ ਬਿਊਰੋ ਅਮ੍ਰਿਤਸਰ ਦੇ ਐਸਐਸਪੀ ਪਰਮਪਾਲ ਸਿੰਘ ਨੇ ਦੱਸਿਆ, ਕਿ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਰੋਡਵੇਜ਼ ਦੇ ਕਰਮਚਾਰੀ ਜਿਨ੍ਹਾਂ ਵਿੱਚ ਕੁੱਝ ਆਲਾ ਅਧਿਕਾਰੀ ਵੀ ਸ਼ਾਮਿਲ ਹਨ, ਰਾਜ ਪੱਧਰ ਉੱਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਹਨ। ਇਸ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਲਈ ਬਿਊਰੋ ਨੇ ਸਪੈਸ਼ਲ ਅਭਿਆਨ ਚਲਾਇਆ ਸੀ। ਬਿਊਰੋ ਨੇ ਇਨ੍ਹਾਂ ਅਧਿਕਾਰੀਆਂ ਉੱਤੇ ਸਖ਼ਤ ਨਜ਼ਰ ਰੱਖੀ ਹੋਈ ਸੀ।
ਪੁਖਤਾ ਜਾਣਕਾਰੀ ਮਿਲੀ ਸੀ, ਕਿ ਰਾਣਾ ਗੁਰਵਿੰਦਰ ਸਿੰਘ ਉੱਪਲ ਜੋ ਪੰਜਾਬ ਰੋਡਵੇਜ਼ ਬਟਾਲਾ ਡਿਪੋ ਵਿੱਚ ਬਤੌਰ ਸਬ ਇੰਸਪੈਕਟਰ ਤਾਇਨਾਤ ਹੈ, ਇਸ ਮਾਮਲੇ ਵਿੱਚ ਸਿੱਧੇ ਤੌਰ ਉੱਤੇ ਸ਼ਾਮਿਲ ਹੈ। ਸੂਚਨਾ ਦੇ ਆਧਾਰ ਉੱਤੇ ਥਾਣਾ ਵਿਜੀਲੈਂਸ ਬਿਊਰੋ ਅਮ੍ਰਿਤਸਰ ਵਿੱਚ 30 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਨਿਰੋਧਕ ਧਾਰਾ 7 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਦਰਜ ਹੋਣ ਦੇ ਕਾਰਨ ਕਾਰਵਾਈ ਕਰਦੇ ਹੋਏ ਸ਼ਨੀਵਾਰ ਨੂੰ ਪੰਜਾਬ ਰੋਡਵੇਜ ਡਿਪੋ ਬਟਾਲਾ ਦੇ ਜਨਰਲ ਮੈਨੇਜਰ ਅਰਵਿੰਦ ਸ਼ਰਮਾ, ਇੰਸਪੈਕਟਰ ਇਕਬਾਲ ਸਿੰਘ, ਸਬ ਇੰਸਪੈਕਟਰ ਰਾਣਾ ਗੁਰਵਿੰਦਰ ਸਿੰਘ, ਕੰਡਕਟਰ ਸੁਖਚੈਨ ਸਿੰਘ ਉਰਫ ਸੁੱਖਾ ਸਿੰਘ ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਟੇਟ ਟਰਾਂਸਪੋਰਟ ਪਰਨੀਤ ਸਿੰਘ, ਸਟੇਸ਼ਨ ਸੁਪਰਵਾਈਜਰ ਸਤਨਾਮ ਸਿੰਘ, ਇੰਸਪੈਕਟਰ ਤਰਸੇਮ ਸਿੰਘ, ਰਿਟਾਇਰਡ ਇੰਸਪੈਕਟਰ ਰਾਜ ਕੁਮਾਰ ਉਰਫ ਰਾਜੂ ਅਮ੍ਰਿਤਸਰ ਡਿਪੋ ਅਤੇ ਜਸਬੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਇਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ। ਐਸਐਸਪੀ ਵਿਜੀਲੈਂਸ ਪਰਮਪਾਲ ਸਿੰਘ ਨੇ ਦੱਸਿਆ, ਕਿ ਰਾਣਾ ਗੁਰਵਿੰਦਰ ਸਿੰਘ ਜੋ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿੱਚ ਸਬ ਇੰਸਪੈਕਟਰ ਹੈ ਅਤੇ ਇਨ੍ਹਾਂ ਦਿਨਾਂ ਰੋਡਵੇਜ਼ ਦੇ ਸੈਂਟਰਲ ਫਲਾਈਂਗ ਸਕਵਾਇਡ ਵਿੱਚ ਡਿਊਟੀ ਦੇ ਰਿਹਾ ਹੈ, ਇਸ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਾਮਿਲ ਹੈ।
ਇਸ ਫਲਾਈਂਗ ਸਕੁਆਇਡ ਦੀ ਡਿਊਟੀ ਵਿੱਚ ਜ਼ਿਲਾ ਅਮ੍ਰਿਤਸਰ, ਜੰਲਧਰ, ਪਠਾਨਕੋਟ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅਤੇ ਇਨਾਂ ਜ਼ਿਲ੍ਹਿਆਂ ਵਿੱਚ ਬਸ ਅੱਡਿਆਂ ਉੱਤੇ ਟਿਕਟ ਕਾਊਂਟਰਾਂ ਦੀ ਅਚਾਨਕ ਚੈਕਿੰਗ ਕਰਨਾ ਸ਼ਾਮਿਲ ਸੀ। ਇਸ ਤੋਂ ਇਲਾਵਾ ਬੱਸ ਅੱਡਿਆਂ ਤੋਂ ਆਪਣੇ ਤੈਅਸ਼ੁਦਾ ਟਾਈਮ ਟੇਬਲ ਦੇ ਅਨੁਸਾਰ ਬੱਸਾਂ ਚਲਾਉਣ, ਇਸ ਉੱਤੇ ਨਿਗਰਾਨੀ ਰੱਖਣਾ ਇਹ ਵੀ ਫਲਾਈਂਗ ਸਕੁਆਇਡ ਦੀ ਡਿਊਟੀ ਸੀ।
ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਸੀ ਕਿ ਪ੍ਰਾਇਵੇਟ ਬੱਸ ਆਪ੍ਰੇਟਰ ਸਰਕਾਰੀ ਬੱਸਾਂ ਦੇ ਟਾਈਮ ਟੇਬਲ 'ਤੇ ਬਸਾਂ ਨਾ ਚਲਾਉਣ ਅਤੇ ਜ਼ਿਆਦਾ ਸਵਾਰੀਆ ਨਾ ਬਿਠਾਉਣ ਦੇ ਲਈ, ਕਾਊਂਟਰ ਉੱਤੇ ਜ਼ਿਆਦਾ ਦੇਰ ਤੱਕ ਰੁਕਣ ਲਈ ਕਿਤੇ ਅੱਡਾਂ ਇਨਚਾਰਜਾਂ, ਰੋਡਵੇਜ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਰਿਸ਼ਵਤ ਨਾ ਦੇ ਪਾਉਣ। ਬਿਊਰੋ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਫਲਾਈਂਗ ਸਕੁਆਇਡ ਦੁਆਰਾ ਪੰਜਾਬ ਰੋਡਵੇਜ ਦੇ ਹਿਤਾਂ ਦੀ ਰੱਖਿਆ ਕਰਨ ਦੀ ਬਜਾਏ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ। ਜਿਸਦੇ ਨਾਲ ਪੰਜਾਬ ਸਰਕਾਰ ਨੂੰ ਭਾਰੀ ਆਰਥਕ ਨੁਕਸਾਨ ਪਹੁੰਚ ਰਿਹਾ ਹੈ।
ਇਸ ਫਲਾਈਂਗ ਸਕਵਾਇਡ ਵਿੱਚ ਸ਼ਾਮਿਲ ਅਧਿਕਾਰੀ ਅੱਡਾ ਇਨਚਾਰਜਾਂ, ਡਰਾਈਵਰਾਂ, ਕੰਡਕਟਰਾਂ ਦੇ ਇਲਾਵਾ ਬਸ ਕਾਉਂਟਰਾਂ ਉੱਤੇ ਤਾਇਨਾਤ ਕਰਮਚਾਰੀਆਂ ਅਤੇ ਠੇਕੇ ਉੱਤੇ ਰੱਖੇ ਗਏ ਡਰਾਈਵਰਾਂ ਤੇ ਕੰਡਕਟਰਾਂ ਤੋਂ ਰਿਸ਼ਵਤ ਲੈ ਰਹੇ ਸਨ ਅਤੇ ਪ੍ਰਾਈਵੇਟ ਬਸ ਆਪ੍ਰੇਟਰਾਂ ਨੂੰ ਕਾਉਂਟਰਾਂ ਉੱਤੇ ਤੈਅ ਸਮੇਂ ਤੋਂ ਜ਼ਿਆਦਾ ਦੇਰ ਤੱਕ ਰੁਕਣ ਵਿੱਚ ਮਦਦ ਕਰ ਰਹੇ ਸਨ।
ਪ੍ਰਾਈਵੇਟ ਬਸ ਆਪ੍ਰੇਟਰਾਂ ਨੂੰ ਆਰਥਕ ਮੁਨਾਫ਼ਾ ਦੇ ਕੇ ਪੰਜਾਬ ਸਰਕਾਰ ਦੇ ਰੋਡਵੇਜ਼ ਦੇ ਆਰਥਿਕ ਹਿੱਤਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ। ਇਸ ਫਲਾਈਂਗ ਸਕੁਆਇਡ ਦੁਆਰਾ ਭ੍ਰਿਸ਼ਟਾਚਾਰ ਵਿੱਚ ਇਕੱਠੇ ਕੀਤੇ ਗਏ ਪੈਸੇ ਦਾ ਹਿੱਸਾ ਆਪਣੇ ਉੱਚਾਧਿਕਾਰੀਆਂ ਨੂੰ ਪਹੁੰਚਾਇਆ ਜਾ ਰਿਹਾ ਸੀ। ਰੋਡਵੇਜ਼ ਦੇ ਉੱਚ-ਅਧਿਕਾਰੀਆਂ ਨੂੰ ਹਿੱਸਾ ਮਿਲਦਾ ਰਹਿਣ ਦੇ ਕਾਰਨ ਇਸ ਫਲਾਈਂਗ ਸਕੁਵਆਇਡ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ।