ਰੌਬਟ


ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਪੰਜਾਬ ਭਰ 'ਚ ਕਰਫਿਊ ਲੱਗੇ ਨੂੰ ਹਫ਼ਤੇ ਤੋਂ ਜ਼ਿਆਦਾ ਵਕਤ ਹੋ ਗਿਆ ਹੈ। ਸੂਬੇ 'ਚ ਕੋਰੋਨਾਵਾਇਰਸ ਦਾ ਖਤਰਾ ਤਾਂ ਮੰਡਰਾ ਰਿਹਾ ਹੈ ਤੇ ਇਸ ਮਾਰੂ ਵਾਇਰਸ ਨਾਲ ਚਾਰ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਪੰਜਾਬ 'ਚ ਇਸ ਵਕਤ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ ਪਰ ਇਸ ਖਤਰੇ ਤੇ ਖੌਫ ਦੇ ਵਿਚਕਾਰ ਇੱਕ ਚੰਗੀ ਖਬਰ ਵੀ ਹੈ, ਇਨ੍ਹਾਂ ਦਿਨਾਂ 'ਚ ਪੰਜਾਬ ਦਾ ਕ੍ਰਾਈਮ ਰੇਟ ਬਹੁਤ ਘੱਟ ਗਿਆ ਹੈ।



ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਦਿਨਾਂ 'ਚ ਯਾਨੀ 29, 30 ਤੇ 31 ਮਾਰਚ ਦੌਰਾਨ ਸਿਰਫ 15 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਦਿਨਾਂ ਦੌਰਾਨ ਜਬਰ ਜਨਾਹ ਦੇ 4 ਮਾਮਲੇ ਗੁਰਦਾਸਪੁਰ, ਸੰਗਰੂਰ, ਮੁਹਾਲੀ ਤੇ ਫਾਜ਼ਿਲਕਾ ਤੋਂ ਸਾਹਮਣੇ ਆਏ। ਕਤਲ ਦੇ ਦੋ ਮਾਮਲੇ ਇੱਕ ਸੰਗਰੂਰ ਤੇ ਇੱਕ ਲੁਧਿਆਣੇ ਤੋਂ ਸਾਹਮਣੇ ਆਏ।



ਖੁਦਕੁਸ਼ੀ ਦਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ, ਇਰਾਦਾ ਕਤਲ ਦੇ ਤਿੰਨ ਮਾਮਲੇ ਕਪੂਰਥਲਾ, ਫਿਰੋਜ਼ਪੁਰ ਤੇ ਪਠਾਨਕੋਟ ਤੋਂ ਆਏ ਸਨ। ਇਸੇ ਦੌਰਾਨ ਅਗਵਾਹ ਕਰਨ ਦੇ ਦੋ ਮਾਮਲੇ ਇੱਕ ਫਹਿਤਗੜ੍ਹ ਸਾਹਿਬ ਤੇ ਇੱਕ ਕਪੂਰਥਲਾ ਤੋਂ ਸਾਹਮਣੇ ਆਏ ਸਨ। ਇਸ ਦੌਰਾਨ ਕੋਰੋਨਾ ਕਰਫਿਊ ਦਾ ਪਾਲਣ ਕਰਵਾਉਣ ਲਈ ਤੈਨਾਤ ਪੁਲਿਸ ਤੇ ਸੱਤ ਹਮਲੇ ਹੋਏ ਦਰਜ ਕੀਤੇ ਗਏ ਹਨ।