ਗਗਨਦੀਪ ਸ਼ਰਮਾ
ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਚੱਲਦਿਆਂ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਗਿਣਤੀ ਬੇਹੱਦ ਘੱਟ ਗਈ ਹੈ। ਸਿਰਫ ਸਥਾਨਕ ਸ਼ਰਧਾਲੂ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਹਨ। ਉਨ੍ਹਾਂ ਦੀ ਸਿਹਤ ਦਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਡਾਕਟਰਾਂ ਦੀ ਟੀਮ ਦੋਵਾਂ ਮੁੱਖ ਗੇਟਾਂ 'ਤੇ ਤਾਇਨਾਤ ਹੈ ਜੋ ਹਰੇਕ ਸ਼ਰਧਾਲੂ ਦੀ ਜਾਂਚ ਤੋਂ ਬਾਅਦ ਹੀ ਅੰਦਰ ਜਾਣ ਦੇ ਰਹੇ ਹਨ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।


ਕਰੋਨਾ ਕਰਕੇ ਦੇਸ਼ ਵਿੱਚ ਜਿੱਥੇ ਕਈ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਹਨ, ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਖੁੱਲ੍ਹਾ ਰੱਖਣ ਦਾ ਫੈਸਲਾ ਲਿਆ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਅੰਮ੍ਰਿਤਸਰ ਦੇ 10 ਅਜਿਹੇ ਸਥਾਨਾਂ ਤੇ ਲੰਗਰ ਭੇਜਿਆ ਜਾਵੇਗਾ, ਜਿੱਥੇ ਲੋੜਵੰਦਾਂ ਨੂੰ ਜ਼ਰੂਰਤ ਹੋਵੇ। ਹਾਲਾਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਹਿਰ ਵਿੱਚ ਕਈ ਥਾਵਾਂ ਤੇ ਲੰਗਰ ਦੀ ਸਪਲਾਈ ਕੀਤੀ ਜਾ ਰਹੀ ਸੀ ਪਰ ਅੱਜ ਅੰਮ੍ਰਿਤਸਰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਸ਼੍ਰੋਮਣੀ ਕਮੇਟੀ ਨੇ ਇਸ ਲੰਗਰ ਦੀ ਬਕਾਇਦਾ ਤੌਰ ਤੇ ਸ਼ੁਰੂਆਤ ਕਰ ਦਿੱਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅੱਜ ਲੰਗਰ ਹਾਲ ਦੇ ਨਜ਼ਦੀਕ ਪਹੁੰਚੇ ਤੇ ਉਨ੍ਹਾਂ ਨੇ ਰਸਮੀ ਤੌਰ ਤੇ ਲੰਗਰ ਦੀ ਸਪਲਾਈ ਵਾਲੀਆਂ ਗੱਡੀਆਂ ਨੂੰ ਰਵਾਨਾ ਕੀਤਾ। ਇਸ ਮੌਕੇ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਤੇ ਆਉਣ ਵਾਲੇ ਹਰ ਸੰਕਟ ਵਿੱਚ ਸਰਕਾਰ ਦੀ ਮਦਦ ਲਈ ਤੇ ਲੋਕਾਂ ਦੀ ਭਲਾਈ ਲਈ ਪਹਿਲਾਂ ਦੀ ਵਾਂਗ ਖੜ੍ਹੀ ਹੈ।

ਇਸੇ ਦੇ ਚੱਲਦਿਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੀ ਸਪਲਾਈ ਲਈ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਤਕਰੀਬਨ ਸਤਾਸੀ ਗੁਰਦੁਆਰਿਆਂ ਨੂੰ ਕਹਿ ਦਿੱਤਾ ਗਿਆ ਹੈ। ਜਦਕਿ ਮੈਡੀਕਲ ਸੇਵਾਵਾਂ ਦੀ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਸਰਕਾਰ ਨੂੰ ਆਫਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸਰਕਾਰ ਦੇ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਵੀ ਖਿਆਲ 'ਚ ਰੱਖ ਕੇ ਹੀ ਦਰਬਾਰ ਸਾਹਿਬ ਵਿੱਚ ਆਉਣਾ ਚਾਹੀਦਾ ਹੈ।