ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਦੀ ਮਾਰ ਸਭ ਤੋਂ ਵੱਧ ਪੰਜਾਬ ਨੂੰ ਪੈ ਰਹੀ ਹੈ। ਸੀਐਸਆਈਆਰ-ਸੀਸੀਐਮਬੀ ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ’ਚ ਯੂਕੇ ਦਾ ਕਰੋਨਾ ਰੂਪ ਆਉਂਦੇ ਦਿਨਾਂ ’ਚ ਵੱਡਾ ਖ਼ਤਰਾ ਬਣ ਸਕਦਾ ਹੈ ਪਰ ਅਜੇ ਕੋਈ ਘਬਰਾਉਣ ਦੀ ਲੋੜ ਨਹੀਂ। ਉਂਜ ਮਹਾਰਾਸ਼ਟਰ ’ਚ ਕਰੋਨਾ ਦਾ ਮਿਲਿਆ ਦੋਹਰਾ ਰੂਪ ਚਿੰਤਾ ਦਾ ਵਿਸ਼ਾ ਹੈ।
ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਮਿਸ਼ਰਾ ਨੇ ਕਿਹਾ,‘‘ਪੰਜਾਬ ’ਚ ਕੁਝ ਲੋਕ ਇੰਗਲੈਂਡ ਤੋਂ ਆਏ ਹੋਣਗੇ ਤੇ ਫਿਰ ਉਨ੍ਹਾਂ ਦੇ ਸੂਬੇ ’ਚ ਕਈ ਥਾਵਾਂ ’ਤੇ ਜਾਣ ਕਰਕੇ ਕਰੋਨਾ ਦਾ ਨਵਾਂ ਰੂਪ ਉਥੇ ਫੈਲ ਗਿਆ।’’ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ’ਚ ਯੂਕੇ ਦਾ ਕਰੋਨਾ ਰੂਪ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ’ਚ ਪੀੜਤ ਵਿਅਕਤੀਆਂ ਦੇ ਸੂਬੇ ਤੋਂ ਬਾਹਰ ਨਾ ਜਾਣ ਕਰਕੇ ਹੋ ਸਕਦਾ ਹੈ ਕਿ ਇਹ ਅਜੇ ਬੁਰੀ ਤਰ੍ਹਾਂ ਨਾ ਫੈਲਿਆ ਹੋਵੇ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਆਉਂਦੇ ਦਿਨਾਂ ’ਚ ਉਥੇ ਵੀ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐਸਟਰਾਜ਼ੈਨੇਕਾ ਤੇ ਕੋਵੈਕਸੀਨ ਦੇ ਟੀਕੇ ਪੰਜਾਬ ਅਤੇ ਮਹਾਰਾਸ਼ਟਰ ’ਚ ਨਵੇਂ ਰੂਪ ਖ਼ਿਲਾਫ਼ ਕਾਰਗਰ ਹਨ।
ਦੱਸ ਦਈਏ ਕਿ ਪੰਜਾਬ ਵਿੱਚ ਸ਼ਨੀਵਾਰ ਨੂੰ ਕਰੋਨਾਵਾਇਰਸ ਨੇ 49 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਸ ਦੌਰਾਨ 2705 ਸੱਜਰੇ ਮਾਮਲੇ ਵੀ ਸਾਹਮਣੇ ਆਏ ਹਨ। ਅੰਮ੍ਰਿਤਸਰ ਵਿੱਚ 7, ਹੁਸ਼ਿਆਰਪੁਰ ਵਿੱਚ 6, ਗੁਰਦਾਸਪੁਰ ਤੇ ਲੁਧਿਆਣਾ ਵਿੱਚ 5-5, ਰੋਪੜ ਤੇ ਜਲੰਧਰ ਵਿੱਚ 4-4, ਮੁਹਾਲੀ, ਸੰਗਰੂਰ ਤੇ ਕਪੂਰਥਲਾ ਵਿੱਚ 3-3, ਬਠਿੰਡਾ, ਤਰਨ ਤਾਰਨ ਤੇ ਪਟਿਆਲਾ ਵਿੱਚ 2-2, ਪਠਾਨਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਪੰਜਾਬ ਵਿੱਚ ਹੁਣ ਤੱਕ ਇਸ ਮਹਾਮਾਰੀ ਕਾਰਨ 7032 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਸਿਹਤ ਵਿਭਾਗ ਨੂੰ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਇਸੇ ਮਹੀਨੇ ਦੇ ਅੰਦਰ ਟੀਕਾਕਰਨ ਕਰਨ ਦਾ ਹੁਕਮ ਦਿੱਤਾ ਹੈ। ਹੁਣ ਤੱਕ ਲਗਪਗ 10 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਆਉਂਦੇ ਦੋ ਹਫ਼ਤਿਆਂ ਦੌਰਾਨ ਸੂਬੇ ਵਿੱਚ 32 ਲੱਖ ਨਾਗਰਿਕਾਂ ਨੂੰ ਟੀਕਾ ਲਗਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਬੰਦ ਪਏ ਸਕੂਲ ਖੁਲਵਾਉਣ ਲਈ ਸੜਕਾਂ ’ਤੇ ਆਏ ਅਧਿਆਪਕ ਅਤੇ ਵੈਨ ਚਾਲਕ, ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਕੱਢਿਆ ਰੋਸ ਮਾਰਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904