ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਾਰੇ ਵਿੱਦਿਅਕ ਅਦਾਰੇ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਦੇ ਚਲਦਿਆਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕੀਤੇ ਗਏ ਹਨ, ਪਰ  ਸਮੂਹ ਸਕੂਲਾਂ ਦੇ ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਅਤੇ ਵੈਨ ਚਾਲਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਧਿਆਪਕਾਂ ਅਤੇ ਵੈਨ ਚਾਲਕਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ। 

 

ਇਹ ਰੋਸ ਮਾਰਚ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਖਤਮ ਹੋਇਆ। ਇਥੇ ਉਨਾਂ ਵਿੱਤ ਮੰਤਰੀ ਨੂੰ ਸਕੂਲ ਖੁਲਵਾਉਣ ਦੀ ਮੰਗ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਸਕੂਲ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਕਰਦਾ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਹ ਅੱਜ ਕਾਲੀਆਂ ਝੰਡੀਆਂ ਲੈ ਕੇ ਸੜਕਾਂ ’ਤੇ ਆਉਣ ਲਈ ਮਜਬੂਰ ਹੋਏ ਹਨ। 

 

ਉਨਾਂ ਕਿਹਾ ਕਿ ਅਧਿਆਪਕ ਦੇਸ਼ ਦਾ ਭਵਿੱਖ ਤਿਆਰ ਕਰਦੇ ਹਨ, ਪਰ ਸਰਕਾਰ ਅੱਜ ਸਿੱਖਿਆ ਖੇਤਰ ’ਤੇ ਸਿੱਧਾ ਹਮਲਾ ਕਰਕੇ ਭਵਿੱਖ ਨੂੰ ਖਰਾਬ ਕਰਨ ’ਤੇ ਲੱਗੀ ਹੋਈ ਹੈ। ਉਨਾਂ ਪੰਜਾਬ ਸਰਕਾਰ ਦੇ ਇਸ ਫੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸੱਚਮੁੱਚ ਕੋਰੋਨਾ ਹੈ ਤਾਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ ਬੰਦ ਕਿਉਂ ਨਹੀਂ ਕੀਤੇ ਗਏ? ਸਿਰਫ ਸਕੂਲ ਹੀ ਕਿਉਂ ਬੰਦ ਕੀਤ ਗਏ ਹਨ? 

 



 

ਉਨਾਂ ਕਿਹਾ ਕਿ ਸਕੂਲ ਬੰਦ ਹੋਣ ਕਾਰਨ ਸਿਰਫ ਅਧਿਆਪਕਾਂ ਦਾ ਹੀ ਨਹੀਂ ਬਲਕਿ ਸਕੂਲ ਨਾਲ ਜੁੜੇ ਹਰ ਕਰਮਚਾਰੀ ਦੀ ਰੋਜ਼ੀ ਰੋਟੀ ਸਰਕਾਰ ਨੇ ਖੋਹੀ ਹੈ। ਇਸ ਮੌਕੇ ਸਕੂਲ ਵੈਨ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਹੀ ਲੰਮੇ ਸਮੇਂ ਤੋਂ ਮੰਦੀ ਦੀ ਮਾਰ ਝਲਦੇ ਆ ਰਹੇ ਹਾਂ ਅਤੇ ਹੁਣ ਸਰਕਾਰ ਨੇ ਦੁਬਾਰਾ ਸਕੂਲ ਬੰਦ ਕਰਕੇ ਉਨਾਂ ਦੇ ਰੁਜ਼ਗਾਰ ’ਤੇ ਡਾਕਾ ਮਾਰਿਆ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਕਰਜ਼ੇ ਚੁੱਕ ਕੇ ਨਵੀਆਂ ਵੈਨਾਂ ਸਕੂਲਾਂ ’ਚ ਪਾਈਆਂ ਗਈਆਂ, ਪਰ ਸਕੂਲ ਬੰਦ ਹੋਣ ਕਾਰਨ ਹੁਣ ਉਨਾਂ ’ਤੇ ਦੋਹਰੀ ਮਾਰ ਪੈ ਰਹੀ ਹੈ। 

 

ਉਨ੍ਹਾਂ ਕਿਹਾ ਘਰਾਂ ’ਚ ਖੜੀਆਂ ਵੈਨਾਂ ਦਾ ਉਨਾਂ ਨੂੰ ਟੈਕਸ ਅਤੇ ਕਿਸ਼ਤਾਂ ਭਰਨੀਆਂ ਪੈ ਰਹੀਆਂ, ਪਰ ਹੁਣ ਉਹ ਵੀ ਨਹੀਂ ਭਰ ਸਕਣਗੇ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਖੋਲੇ ਜਾਣ ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਚਲਦਾ ਰਹੇ। ਜੇਕਰ ਸਰਕਾਰ ਸਕੂਲ ਬੰਦ ਕਰਦੀ ਹੈ ਤਾਂ ਉਨ੍ਹਾਂ ਨੂੰ ਬਦਲੇ ’ਚ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।