ਮਜੀਠੀਆ ਦੇ ਇਲਜ਼ਾਮਾਂ ਮਗਰੋਂ ਦਾਦੂਵਾਲ ਦਾ ਵਾਰ, ਸੁਖਬੀਰ-ਮਜੀਠੀਆ ਪਾਗਲ ਕਰਾਰ
ਏਬੀਪੀ ਸਾਂਝਾ | 27 Aug 2018 01:44 PM (IST)
ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਵੱਲੋਂ ਲਾਏ ਇਲਜ਼ਾਮਾਂ 'ਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਸਫਾਈ ਦਿੱਤੀ ਹੈ। ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਨਿਵਾਸ ਵਿੱਚ ਮੀਟਿੰਗ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਉਹ ਕਿਸੇ ਵੀ ਮੰਤਰੀ ਨੂੰ ਨਹੀਂ ਮਿਲੇ ਹਨ। ਮਜੀਠੀਆ ਨੇ ਇਲਜ਼ਾਮ ਲਾਇਆ ਸੀ ਕਿ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਇੱਕ ਰਾਤ ਪਹਿਲਾਂ ਮੁੱਖ ਮੰਤਰੀ ਨਿਵਾਸ 'ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਰਮਿਆਨ ਬੈਠਕ ਹੋਈ ਹੈ। ਇਸ 'ਤੇ ਦਾਦੂਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਨਹੀਂ ਮਿਲੇ, ਬੇਸ਼ੱਕ ਉਨ੍ਹਾਂ ਦੀ ਲੋਕੇਸ਼ਨ ਦੀ ਜਾਂਚ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਪਿੱਛੇ ਫਾਲਤੂ ਹੀ ਪਏ ਹੋਏ ਹਨ। ਦਾਦੂਵਾਲ ਨੇ ਕਿਹਾ ਕਿ ਸੁਖਬੀਰ ਤੇ ਮਜੀਠੀਆ ਦੋਵੇਂ ਜੀਜਾ-ਸਾਲਾ ਪਾਗਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕਦੇ ਉਹ ਉਨ੍ਹਾਂ 'ਤੇ ਜੀਕੇ ਉੱਪਰ ਹਮਲਾ ਕਰਵਾਉਣ ਦਾ ਇਲਜ਼ਾਮ ਲਾ ਰਹੇ ਹਨ ਤੇ ਉੱਧਰ ਇਨ੍ਹਾਂ ਦੇ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਬਿਆਨ ਦੇ ਰਹੇ ਹਨ ਕਿ ਮਨਜੀਤ ਸਿੰਘ ਜੀਕੇ 'ਤੇ ਜਗਦੀਸ ਟਇਟਲਰ ਨੇ ਹਮਲਾ ਕਰਵਾਇਆ ਹੈ। ਮੁਤਵਾਜ਼ੀ ਜਥੇਦਾਰ ਨੇ ਸਾਫ਼ ਕੀਤਾ ਕਿ ਬੀਤੀ ਛੇ ਜੂਨ ਨੂੰ ਬਰਗਾੜੀ ਕਾਂਡ 'ਤੇ ਪੂਰੇ ਵਫ਼ਦ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਗ਼ਲਤ ਟਵੀਟ ਕੀਤਾ ਹੈ, ਜਿਸ ਲਈ ਉਸ ਨੂੰ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ। ਮਜੀਠੀਆ ਵੱਲੋਂ ਉਨ੍ਹਾਂ ਦੀ ਗੱਡੀ ਦਾ ਨੰਬਰ ਦੱਸੇ ਜਾਣ 'ਤੇ ਦਾਦੂਵਾਲ ਨੇ ਕਿਹਾ ਕਿ ਮੇਰੀ ਗੱਡੀ ਵਰਗੀਆਂ 100 ਗੱਡੀਆਂ ਉੱਥੇ ਫਿਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਕੋਲੋਂ ਮੈਨੂੰ ਮਾਰਨ ਲਈ ਹਥਿਆਰ ਮੁਹੱਈਆ ਕਰਵਾਏ ਸੀ ਤੇ ਹੁਣ ਇਹ ਮੇਰੇ ਪਿੱਛੇ ਪਏ ਹੋਏ ਹਨ।