ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਮਿਲੀ ਨਵੀਂ ਵਿਰਾਸਤੀ ਦਿੱਖ
ਏਬੀਪੀ ਸਾਂਝਾ | 25 Oct 2016 10:13 AM (IST)
ਅੰਮ੍ਰਿਤਸਰ : ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਅੰਮ੍ਰਿਤਸਰ ਸ਼ਹਿਰ ਕੁਝ ਬਦਲਿਆ ਹੋਇਆ ਨਜ਼ਰ ਆਵੇਗਾ। ਪੰਜਾਬ ਸਰਕਾਰ ਨੇ ਪੁਰਾਤਨ ਟਾਊਨ ਹਾਲ ਇਮਾਰਤ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਰਸਤੇ ਨੂੰ ਨਵੀਂ ਵਿਰਾਸਤੀ ਦਿਖ ਦੇ ਦਿੱਤੀ ਹੈ। ਸਮੁੱਚੀ ਯੋਜਨਾ ’ਤੇ ਸਰਕਾਰ ਨੇ ਲਗਭਗ 250 ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ 170 ਇਮਾਰਤਾਂ ਦੀ ਬਾਹਰੀ ਦਿਖ ਨੂੰ ਨਵਿਆਉਣ ਲਈ 160 ਕਰੋੜ ਰੁਪਏ ਖ਼ਰਚੇ ਹਨ। ਇਸ ਵਿਰਾਸਤੀ ਰਸਤੇ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨ ਜਾ ਰਹੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੂਰੇ ਪ੍ਰੋਜੈਕਟ ਨੂੰ ਮੀਡੀਆ ਸਾਹਮਣੇ ਰੱਖਿਆ। ਇਸ ਦੌਰਾਨ ਉਹਨਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਿਸ਼ਵ ਪੱਧਰੀ ਵਿਰਾਸਤੀ ਤੇ ਸੁੰਦਰ ਦਿਖ ਦੇਣ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਇਸ ਨੂੰ ਲੋਕਾਂ ਲਈ ਦੀਵਾਲੀ ਦਾ ਤੋਹਫਾ ਕਰਾਰ ਦਿੱਤਾ। ਇਸ ਮੌਕੇ ਉਤੇ ਉਨ੍ਹਾਂ ਭਾਰਤ-ਪਾਕਿ ਵੰਡ ਮਿਊਜ਼ੀਅਮ ਦਾ ਰਸਮੀ ਉਦਘਾਟਨ ਵੀ ਕੀਤਾ। ਅੰਮ੍ਰਿਤਸਰ ਬਾਈਪਾਸ ਨੇੜੇ ‘ਗੇਟਵੇਅ ਆਫ ਅੰਮ੍ਰਿਤਸਰ’ ਸਥਾਪਿਤ ਕੀਤਾ ਗਿਆ ਹੈ। ਇਸ ਗੇਟ ਤੋਂ ਹੀ ਯਾਤਰੂਆਂ ਨੂੰ ਅਹਿਸਾਸ ਹੋ ਜਾਵੇਗਾ ਕਿ ਉਹ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ) ਦੇ ਸ਼ਹਿਰ ਅੰਮ੍ਰਿਤਸਰ ਪੁੱਜ ਰਹੇ ਹਨ। ਗੇਟ ’ਤੇ ਸੁਨਹਿਰੀ ਰੰਗ ਦਾ ਵੱਡਾ ਗੁੰਬਦ ਬਣਾਇਆ ਗਿਆ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਨੂੰ ਚਿੰਨ੍ਹਤ ਕਰਦਾ ਹੈ।ਟਾਊਨ ਹਾਲ ਦੀ ਪੁਰਾਤਨ ਇਮਾਰਤ ਵਿੱਚ ਦਾਖਲ ਹੁੰਦਿਆਂ ਹੀ ਇਕ ਵੱਡਾ ਫੁਹਾਰਾ ਅਤੇ ਇਸ ਦੇ ਦੋਵੇਂ ਪਾਸੇ ਸਿੱਖ ਘੋੜਸਵਾਰਾਂ ਦੇ ਬੁੱਤ ਜੀ ਆਇਆਂ ਆਖਦੇ ਹਨ। ਪੁਲੀਸ ਸਟੇਸ਼ਨ ਕੋਤਵਾਲੀ ਅਤੇ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਵਿਰਾਸਤੀ ਦਿਖ ਦਿੱਤੀ ਗਈ ਹੈ। ਇਸ ਦੇ ਇਕ ਹਿੱਸੇ ਵਿੱਚ ਭਾਰਤ-ਪਾਕਿ ਵੰਡ ਦੀ ਪੀੜ ਨੂੰ ਦਰਸਾਉਂਦਾ ਮਿਊੂਜ਼ੀਅਮ ਸਥਾਪਤ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਮਿਊਜ਼ੀਅਮ ਬਣਾਇਆ ਜਾਵੇਗਾ। ਗੁਰਦੁਆਰਾ ਸੰਤੋਖਸਰ ਦੇ ਬਾਹਰ ਵਾਲੇ ਹਿੱਸੇ ਨੂੰ ਵੀ ਪੁਰਾਤਨ ਦਿਖ ਦਿੱਤੀ ਗਈ ਹੈ। ਟਾਊਨ ਹਾਲ ਇਮਾਰਤ ਦੇ ਬਾਹਰ ਬਾਬਾ ਸਾਹਿਬ ਬੀ ਆਰ ਅੰਬੇਦਕਰ ਦੇ ਪੁਰਾਣੇ ਬੁੱਤ ਨੂੰ ਹਟਾ ਕੇ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਸਾਰਾਗੜ੍ਹੀ ਪਾਰਕਿੰਗ ਦੀ ਇਮਾਰਤ ਦੇ ਬਾਹਰਲੇ ਹਿੱਸੇ ਨੂੰ ਵੀ ਵਿਰਾਸਤੀ ਦਿਖ ਦਿੱਤੀ ਗਈ ਹੈ। ਟਾਊਨ ਹਾਲ ਇਮਾਰਤ ਦੀ ਇਕ ਨੁੱਕਰ ਵਾਲੇ ਹਿੱਸੇ ਵਿੱਚ ਰੋਜ਼ਾਨਾ ਲੇਜ਼ਰ ਸ਼ੋਅ ਦਾ ਪ੍ਰਬੰਧ ਕਰਨ ਦੀ ਯੋਜਨਾ ਹੈ, ਜਿਸ ਰਾਹੀਂ ਵੰਡ ਦੀ ਪੀੜ ਨੂੰ ਦਿਖਾਇਆ ਜਾਵੇਗਾ। ਬੁੱਤ ਮਲਕਾਂ ਵਾਲਾ ਚੌਕ ਵਿੱਚ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਘੋੜੇ ’ਤੇ ਸਵਾਰ ਵਿਸ਼ਾਲ ਬੁੱਤ ਸਥਾਪਤ ਕੀਤਾ ਗਿਆ ਹੈ। ਬੁੱਤ ਨੂੰ 7 ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਹੇਠਾਂ 65 ਸ਼ੇਰ, ਹਾਥੀ ਅਤੇ ਨਿਹੰਗ ਸਿੰਘ ਵੀ ਦਿਖਾਏ ਗਏ ਹਨ। ਜਲਿਆਂਵਾਲਾ ਬਾਗ ਦੇ ਬਾਹਰ ਸ਼ਹੀਦਾਂ ਦੇ ਚਿਹਰੇ ਵਾਲਾ ਇਕ ਵੱਡਾ ਬੁੱਤ ਸਥਾਪਤ ਕੀਤਾ ਗਿਆ ਹੈ। ਬੁੱਤ ਦੇ ਹੇਠਾਂ ਬਣਾਏ ਮੰਚ ’ਤੇ ਸ਼ਹੀਦਾਂ ਦੇ ਨਾਂ ਅੰਕਿਤ ਕੀਤੇ ਗਏ ਹਨ। ਇਥੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਸਿੱਧੇ ਰਸਤੇ ਦੇ ਦੋਵੇਂ ਪਾਸੇ ਦੁਕਾਨਾਂ ਦੇ ਬਾਹਰ ਟੀਨ ਦੇ ਛੱਜੇ ਬਣਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਦੇ ਜ਼ਮੀਨਦੋਜ਼ ਹਿੱਸੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਦਿ ਦਾ ਇਤਿਹਾਸ ਯਾਤਰੂਆਂ ਨੂੰ ਦਿਖਾਇਆ ਜਾਵੇਗਾ।