ਹਰਪਿੰਦਰ ਸਿੰਘ
ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਇੱਕ ਵਾਰ ਫਿਰ ਨਾਮ ਰੌਸ਼ਨ ਕੀਤਾ ਹੈ। ਦਵਿੰਦਰ ਨੇ ਸੋਨ ਤਗਮਾ ਇੰਡੋਨੇਸ਼ੀਆ ਦੇ ਜਕਾਰਤਾ 'ਚ ਹੋ ਰਹੇ 18ਵੇਂ ਏਸ਼ੀਅਨ ਖੇਡ ਇਨਵੀਟੇਸ਼ਨ ਟੂਰਨਾਮੈਂਟ 'ਚ ਹਾਸਲ ਕੀਤਾ। ਦਵਿੰਦਰ ਕੰਗ ਨੇ ਨੇਜਾ ਸੁੱਟ ਮੁਕਾਬਲੇ 'ਚ 75.87 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਪੰਜਾਬ ਦਾ ਨਾਮ ਚਮਕਾਇਆ।
ਜੀਲੋਰਾ ਬੰਗ ਕਾਰਨੋ ਸਟੇਡੀਅਮ 'ਚ ਖੇਡੇ ਗਏ ਮੁਕਾਬਲੇ 'ਚ ਦਵਿੰਦਰ ਨੇ ਇੱਕ ਵਾਰ ਫਿਰ ਆਪਣੀ ਚੰਗੇ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤਿਆ ਹੈ। ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜਿਸ ਨੇ ਅਗਸਤ 2017 'ਚ ਲੰਡਨ ਵਿੱਚ ਹੋਈ ਅਥਲੈਟਿਕ ਚੈਂਪੀਅਨਸ਼ਿਪ 'ਚ ਇਤਿਹਾਸ ਰਚਿਆ ਸੀ। ਦਵਿੰਦਰ ਫਾਈਨਲ 'ਚ ਥਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਹਾਲਾਂਕਿ ਇਸ ਚੈਂਪੀਅਨਸ਼ਿਪ 'ਚ ਦਵਿੰਦਰ ਤਗਮਾ ਜਿੱਤਣ 'ਚ ਨਾਕਾਮ ਰਿਹਾ ਸੀ ਤੇ ਟੂਰਨਾਮੈਂਟ 'ਚ 12ਵੇਂ ਸਥਾਨ 'ਤੇ ਰਿਹਾ।
ਦਵਿੰਦਰ ਨੇ 'ਏਬੀਪੀ ਸਾਂਝਾ' ਨਾਲ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਲਈ ਤਗਮਾ ਜਿੱਤ ਕੇ ਉਹ ਖੁਸ਼ ਹੈ ਪਰ ਇਸ ਪ੍ਰਦਰਸ਼ਨ ਨਾਲ ਸੰਤੁਸ਼ਟ ਨਹੀਂ। ਉਸ ਦਾ ਟੀਚਾ ਅਪ੍ਰੈਲ ਮਹੀਨੇ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚੋਂ ਸੋਨ ਤਗਮਾ ਹਾਸਲ ਕਰਨਾ ਹੈ। ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਤੋਂ ਬਾਅਦ ਦਵਿੰਦਰ ਪੰਜਾਬ ਸਰਕਾਰ ਵੱਲੋਂ ਨਕਾਰੇ ਜਾਣ ਕਾਰਨ ਨਿਰਾਸ਼ ਹੋਇਆ ਸੀ। ਉਸ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਉਸ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਸਕਦੀ ਤਾਂ ਉਹ ਕਿਸੇ ਹੋਰ ਦੇਸ਼ ਤੋਂ ਖੇਡਣ ਲਈ ਮਜ਼ਬੂਰ ਹੋ ਜਾਵੇਗਾ।