ਦੀਵਾਲੀ ਵਾਲੇ ਦਿਨ ਸਵਾ ਚਾਰ ਹਜ਼ਾਰ ਖੇਤਾਂ ’ਚ ਸਾੜੀ ਪਰਾਲੀ, ਪਿਛਲੇ ਸਾਲਾਂ ਦੇ ਮੁਕਾਬਲੇ ਕਿਤੇ ਵੱਧ
ਏਬੀਪੀ ਸਾਂਝਾ | 10 Nov 2018 05:26 PM (IST)

ਚੰਡੀਗੜ੍ਹ: ਦੀਵਾਲੀ ਤੋਂ ਅਗਲੇ ਦਿਨ ਸੂਬੇ ਵਿੱਚ ਪਰਾਲੀ ਸਾੜਨ ਦੇ 4,241 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਬੀਤੇ ਦੋ ਸਾਲਾਂ ਦੇ ਅੰਕੜਿਆਂ ਤੋਂ ਕਿਤੇ ਵੱਧ ਹੈ। 8 ਨਵੰਬਰ ਨੂੰ ਪਰਾਲੀ ਸਾੜਨ ਦੇ 668 ਮਾਮਲਿਆਂ ਨਾਲ ਸੰਗਰੂਰ ਸਭ ਤੋਂ ਮੋਹਰੀ ਜ਼ਿਲ੍ਹਾ ਹੈ। ਇਸ ਪਿੱਛੋਂ ਬਠਿੰਡਾ ਵਿੱਚ ਪਰਾਲੀ ਸਾੜਨ ਦੇ 536, ਮੋਗਾ ਵਿੱਚ 430, ਮੁਕਤਸਰ ’ਚ 400, ਪਟਿਆਲਾ ’ਚ 328, ਮਾਨਸਾ ’ਚ 280 ਤੇ ਬਰਨਾਲਾ ’ਚ 263 ਮਾਮਲੇ ਦਰਜ ਕੀਤੇ ਗਏ ਹਨ। ਪਠਾਨਕੋਟ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਘੱਟ ਮਹਿਜ਼ 2 ਤੇ ਰੂਪਨਗਰ ਵਿੱਚ ਪਰਾਲੀ ਸਾੜਨ ਦੇ 7 ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਗਿਣਤੀ ਕਾਫੀ ਘੱਟ ਸੀ। ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦੇ 2,045 ਮਾਮਲੇ ਦਰਜ ਕੀਤੇ ਗਏ। ਦੀਵਾਲੀ ਵਾਲੇ ਦਿਨ (7 ਨਵੰਬਰ), ਸੂਬੇ ਭਰ ਵਿੱਚ ਪਰਾਲੀ ਸਾੜਨ ਦੇ ਕੁੱਲ 3,466 ਮਾਮਲੇ ਦਰਜ ਕੀਤੇ ਗਏ। ਦੀਵਾਲੀ ਤੋਂ ਅਗਲੇ ਦਿਨ, ਯਾਨੀ 8 ਨਵੰਬਰ ਨੂੰ ਸੂਬੇ ਵਿੱਚ ਖੇਤਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲ ਇਸੇ ਦਿਨ ਦੇ ਮੁਕਾਬਲੇ ਕਿਤੇ ਵੱਧ ਦਰਜ ਕੀਤੀ ਗਈ ਹੈ। ਪਰਾਲੀ ਸਾੜਨ ਦੇ ਇਹ ਅੰਕੜੇ ਸੈਟੇਲਾਈਟ ਤੋਂ ਲਏ ਗਏ ਹਨ। ਬੀਤੇ ਦਿਨ ਸੂਬੇ ਦੀ ਹਵਾ ਦੀ ਗੁਣਵੱਤਾ ‘ਖਰਾਬ’ ਤੋਂ ‘ਠੀਕ-ਠਾਕ’ ’ਤੇ ਪਹੁੰਚ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸਤਿੰਦਰ ਸਿੰਘ ਮਰਵਾਹਾ ਨੇ ਇਸ ਸਬੰਧੀ ਕਿਹਾ ਕਿ 8 ਨਵੰਬਰ ਨੂੰ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਸਾੜੀ। ਇਸ ਵਿੱਚ ਰਕਬਾ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਤੇ ਉਹ ਇਸ ਦਾ ਵੀ ਵਿਸ਼ਲੇਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਇਸ ’ਚ ਕਮੀ ਆਏਗੀ ਕਿਉਂਕਿ ਪਰਾਲੀ ਅਕਸਰ ਵਾਢੀ ਦੇ ਦਿਨਾਂ ’ਚ ਹੀ ਸਾੜੀ ਜਾਂਦੀ ਹੈ।