ਕਪਤਾਨੀ ਪਾਰੀ ਖੇਡਦੇ ਹੋਏ ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਇਸਦੇ ਨਾਲ ਹੀ ਹਰਮਨਪ੍ਰੀਤ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਉਸ ਦੀ ਇਸ ਪ੍ਰਾਪਤੀ ਦੇ ਬਾਅਦ ਮੋਗਾ ਵਿੱਚ ਸਵੇਰੇ ਤੋਂ ਹੀ ਹਰਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਾਂ ਦਾ ਤਾਂਤਾ ਸ਼ੁਰੂ ਹੋ ਗਿਆ ਹੈ। ਹਰਮਨਪ੍ਰੀਤ ਦੀ ਬੱਲੇਬਾਜੀ ਨੂੰ ਉਸ ਦੇ ਪਰਵਾਰਿਕ ਮੈਂਬਰਾਂ ਨੇ ਟੀਵੀ ਉੱਤੇ ਵੇਖਿਆ। ਇਸ ਜਿੱਤ ਨੂੰ ਲੈ ਕੇ ਪੂਰੇ ਮੋਗਾ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਪ੍ਰਾਪਤੀ ’ਤੇ ਬੇਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਨੇ ਛੱਕੇ-ਚੌਕੇ ਲਾ ਕੇ ਮਹਿਜ਼ 51 ਗੇਂਦਾਂ ਵਿੱਚ 103 ਦੌੜਾਂ ਬਣਾਈਆਂ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ। ਉਨ੍ਹਾਂ ਭਾਵੁਕ ਹੁੰਦੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਨੂੰ ਸੰਦੇਸ਼ ਹੈ ਜੋ ਲੋਕ ਆਪਣੀ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਇਸ ’ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਵਾਰ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਹੀ ਆਵੇਗਾ।