ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕੋਲ ਪਿਸਤੌਲ ਸਮੇਤ ਇੱਕ ਵਿਅਕਤੀ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਉਕਤ ਵਿਅਕਤੀ ਬਠਿੰਡਾ ਦੇ ਪਿੰਡ ਨੰਦਗੜ੍ਹ ਥਾਣੇ ਦੇ ਮੁਖੀ ਦਾ ਰਸੋਈਆ ਦੱਸਿਆ ਜਾਂਦਾ ਹੈ। ਹਥਿਆਰ ਸਮੇਤ ਫੜੇ ਇਸ ਵਿਅਕਤੀ ਕਾਰਨ ਸਾਬਕਾ ਮੁੱਖ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਉਹ ਸੁਰੱਖਿਅਤ ਹਨ।

ਮੁੱਢਲੀ ਜਾਂਚ ਤੋਂ ਇਹ ਘਟਨਾ ਅਣਜਾਣਪੁਣੇ ਵਿੱਚ ਵਾਪਰੀ ਲਗਦੀ ਹੈ ਪਰ ਜ਼ੈੱਡ ਪਲੱਸ ਪੱਧਰ ਦੀ ਸੁਰੱਖਿਆ ਪ੍ਰਾਪਤ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਸੰਨ੍ਹ। ਦਰਅਸਲ, ਬੁਢਲਾਡਾ ਤੋਂ ਪਰਕਾਸ਼ ਸਿੰਘ ਬਾਦਲ ਵਾਪਸ ਆਪਣੇ ਪਿੰਡ ਜਾ ਰਹੇ ਸਨ ਅਤੇ ਰਸਤੇ ਵਿੱਚ ਇੱਕ ਜਾਣ-ਪਛਾਣ ਵਾਲੇ ਪੈਟਰੋਲ ਪੰਪ 'ਤੇ ਰੁਕ ਗਏ। ਉੱਥੇ ਨੰਦਗੜ੍ਹ ਥਾਣੇ ਦਾ ਐਸਐਚਓ ਵੀ ਆਇਆ ਹੋਇਆ ਸੀ।

ਥਾਣਾ ਮੁਖੀ ਦੇ ਨਾਲ ਉਸ ਦਾ ਨਿਜੀ ਰਸੋਈਆ ਵੀ ਮੌਜੂਦ ਸੀ। ਬਾਦਲ ਦੇ ਸੁਰੱਖਿਆ ਅਮਲੇ ਨੇ ਜਦ ਰਸੋਈਏ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਸਰਕਾਰੀ ਪਸਤੌਲ ਬਰਾਮਦ ਹੋਇਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਐਸਐਚਓ ਨੂੰ ਤੁਰੰਤ ਲਾਈਨ ਹਾਜ਼ਰ ਕੀਤਾ ਗਿਆ ਹੈ।

ਘਟਨਾ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਉੱਥੋਂ ਚਲੇ ਗਏ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪਿਛਲੇ ਮਹੀਨੇ ਪਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। ਹੁਣ ਬਾਦਲ ਕੋਲ ਹਥਿਆਰ ਸਮੇਤ ਕਿਸੇ ਵਿਅਕਤੀ ਦਾ ਪਹੁੰਚ ਜਾਣਾ ਉਨ੍ਹਾਂ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।