ਸ੍ਰੀ ਮੁਕਤਸਰ ਸਾਹਿਬ:  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ਼ੁਭਦੀਪ ਸਿੰਘ ਬਿੱਟੂ ਦੇ ਸਾਥੀ ਗੁਰਮੀਤ ਸਿੰਘ 'ਤੇ ਐਤਵਾਰ ਰਾਤ ਨੂੰ ਮਲੋਟ ਦੀ ਪੁੱਡਾ ਕਲੋਨੀ ਵਿੱਚ ਗੋਲੀਆਂ ਚਲਾਉਣ ਦੇ ਮਾਮਲੇ 'ਚ ਮਲੋਟ ਸਿਟੀ ਪੁਲੀਸ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਦਿਆਲ ਸਿੰਘ ਕੋਲਿਆਂਵਾਲੀ, ਉਸ ਦੇ ਪੁੱਤਰ ਪਰਮਿੰਦਰ ਸਿੰਘ, ਭਤੀਜੇ ਪਰਦੀਪ ਅਤੇ ਦੋ ਹੋਰ ਅਕਾਲੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਇਸ ਕੇਸ 'ਚ ਨਵਜਿੰਦਰ ਸਿੰਘ ਅਤੇ ਹਰਦੀਪ ਸਿੰਘ ਉਰਫ਼ ਦੀਪਾ, ਜੋ ਦਿਆਲ ਸਿੰਘ ਦੇ ਰਿਸ਼ਤੇਦਾਰ ਦੱਸੇ ਜਾ  ਰਹੇ ਹਨ, ਨੂੰ ਵੀ ਨਾਮਜ਼ਦ ਕੀਤਾ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323, 506, 427, 148, 149, 120-ਬੀ ਅਤੇ ਅਸਲਾ ਐਕਟ ਦੀ ਧਾਰਾ 24 ਤੇ 27 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਥਰਾਜਵਾਲਾ, ਜਿਸ ਦੇ ਪੈਰ 'ਤੇ ਗੋਲੀ ਲੱਗੀ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿੱਚ ਦਾਖ਼ਲ ਹੈ, ਨੇ ਦੋਸ਼ ਲਾਇਆ ਹੈ ਕਿ ਉਹ ਤੇ ਉਸ ਦਾ ਦੋਸਤ ਸੋਨੂੰ ਸਕੂਟਰ 'ਤੇ ਜਾ ਰਹੇ ਸਨ। ਪਰਮਿੰਦਰ ਸਿੰਘ ਨੇ ਉਸ ਦੇ ਸਕੂਟਰ ਵਿੱਚ ਕਾਰ ਮਾਰੀ। ਇਸ ਬਾਅਦ ਉਨ੍ਹਾਂ ਨੇ ਗੋਲੀਆਂ ਚਲਾਈਆਂ, ਰਾਡਾਂ ਅਤੇ ਡਾਗਾਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ। ਇਸ ਕਾਰਨ ਸੋਨੂੰ ਦੇ ਵੀ ਸੱਟਾਂ ਲੱਗੀਆਂ। ਉਹ ਮਲੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੈ। ਮਲੋਟ ਸਿਟੀ ਥਾਣੇ ਦੇ ਮੁਖੀ ਇੰਸਪੈਕਟਰ ਬੂਟਾ ਸਿੰਘ ਨੇ ਦੱਸਿਆ, 'ਦਿਆਲ ਸਿੰਘ ਕੋਲਿਆਂਵਾਲੀ, ਪਰਮਿੰਦਰ, ਪਰਦੀਪ, ਹਰਦੀਪ ਅਤੇ ਨਵਜਿੰਦਰ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ ਦਿਆਲ ਸਿੰਘ ਨੇ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਅਤੇ ਦੂਜਿਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ।' ਦੂਜੇ ਪਾਸੇ ਪੁਲੀਸ ਵੱਲੋਂ ਪਰਮਿੰਦਰ ਸਿੰਘ 'ਤੇ ਹਮਲਾ  ਕਰਨ 'ਤੇ ਮਾਮਲੇ ਵਿੱਚ ਪਹਿਲਾਂ ਹੀ ਸ਼ੁਭਦੀਪ ਸਿੰਘ ਬਿੱਟੂ, ਉਸ ਦੇ ਚਾਚਾ ਬਖ਼ਸ਼ੀਸ਼ ਸਿੰਘ ਸਿੱਧੂ, ਧਨਜੀਤ ਸਿੰਘ ਧੰਨਾ (ਬਖ਼ਸ਼ੀਸ਼ ਦਾ ਮੁੰਡਾ), ਮਨਪ੍ਰੀਤ ਸਿੰਘ ਮੰਨਾ (ਸ਼ੁਭਦੀਪ ਦਾ ਰਿਸ਼ਤੇਦਾਰੀ 'ਚੋਂ ਭਰਾ) ਅਤੇ ੯ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪਰਮਿੰਦਰ ਸਿੰਘ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ   ਹੈ। ਪੁਲੀਸ ਨੇ ਅਜੇ ਤਕ ਕਿਸੇ ਵੀ   ਧਿਰ ਦੇ ਵਿਅਕਤੀ ਨੂੰ ਗ੍ਰਿਫ਼ਤਾਰ  ਕੀਤਾ ਹੈ।