ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ-2017 'ਚ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਘੱਟ ਨਤੀਜੇ ਦੇਣ ਵਾਲੇ ਅਧਿਆਪਕਾਂ ਦੀ ਵਿਭਾਗ ਤਰੱਕੀ ਕੱਟੇਗਾ, ਜਿਸ ਲਈ ਬਾਕਾਇਦਾ ਅਧਿਆਪਕਾਂ ਨੂੰ ਚਿੱਠੀਆਂ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਗਈ ਹੈ। ਇਹੀ ਨਹੀਂ ਚਿੱਠੀ ਦਾ ਇਕ ਉਤਾਰਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਭੇਜਿਆ ਗਿਆ ਹੈ ਜਿਸ ਵਿਚ ਅਧਿਆਪਕਾਂ ਤੋਂ ਜਵਾਬ ਹਾਸਿਲ ਕਰ ਕੇ ਟਿੱਪਣੀ ਸਹਿਤ ਸਬੰਧਤ ਦਫ਼ਤਰ ਨੂੰ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਅਧਿਆਪਕਾਂ ਨੂੰ ਇਕ ਤੋਂ ਬਾਅਦ ਇਕ ਝਟਕਾ ਦੇਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਚਾਲ ਤੇਜ਼ ਕਰਨ ਲਈ ਇਹ ਨਵਾਂ ਕਦਮ ਚੁੱਕਿਆ ਹੈ। ਵਿਭਾਗ ਵੱਲੋਂ ਜਾਰੀ ਚਿੱਠੀ ਵਿਚ 20 ਫ਼ੀਸਦੀ ਜਾਂ ਇਸ ਤੋਂ ਘੱਟ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੇ ਤਿੰਨ ਜ਼ੋਨਾਂ ਦੇ ਘੱਟ ਨਤੀਜਾ ਦੇਣ ਵਾਲੇ ਅਧਿਆਪਕਾਂ ਨੂੰ ਚਾਰਜਸ਼ੀਟ ਕਰ ਰਿਹਾ ਹੈ ਜਿਨ੍ਹਾਂ ਦੀ ਗਿਣਤੀ 50 ਤੋਂ ਵੱਧ ਦੱਸੀ ਜਾ ਰਹੀ ਹੈ। ਹਾਲਾਂਕਿ ਵਿਭਾਗ ਕੋਲ ਪੰਜਾਬ ਸਿਵਲ ਸਰਵਿਸਿਜ਼ (ਸਜ਼ਾ 'ਤੇ ਅਪੀਲ) ਰੂਲਜ਼ 1970 ਦੀ ਧਾਰਾ 10 ਤਹਿਤ ਦਰਸਾਏ ਦੋਸ਼ਾਂ ਦੀ ਸਜ਼ਾ ਦੀ ਤਜਵੀਜ਼ ਹੈ ਪਰ ਵਿਭਾਗ ਨੇ ਇਸ ਤੋਂ ਅਧਿਆਪਕਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ। ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਜਾਰੀ ਇਕ ਚਿੱਠੀ ਅਨੁਸਾਰ ਮੋਗਾ ਅਤੇ ਮਾਨਸਾ ਜ਼ਿਲਿ੍ਹਆਂ ਦੇ 23 ਅਧਿਆਪਕਾਂ ਨੂੰ ਨੋਟਿਸ ਕੱਢਿਆ ਗਿਆ ਹੈ ਜਦਕਿ ਬਾਕੀ 2 ਜ਼ੋਨਾਂ ਦੇ ਅਧਿਆਪਕਾਂ ਨੂੰ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ। ਇਸ ਨੋਟਿਸ ਵਿਚ 20 ਅਧਿਆਪਕ ਹਿਸਾਬ ਵਿਸ਼ੇ ਜਦ ਕਿ ਬਾਕੀ ਦੇ ਤਿੰਨ ਅਧਿਆਪਕ ਅੰਗਰੇਜ਼ੀ ਵਿਸ਼ੇ ਦੇ ਹਨ। ਅਧਿਆਪਕਾਂ ਨੂੰ ਕਾਰਵਾਈ ਲਈ ਨੋਟਿਸ ਕੱਢ ਕੇ ਇਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਜਿਹੜੇ ਅਧਿਆਪਕ ਦੋਸ਼ੀ ਪਾਏ ਗਏ, ਉਨ੍ਹਾਂ ਦੀ ਤਰੱਕੀ ਕੱਟੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 50 ਤੋਂ ਵੱਧ ਅਧਿਆਪਕਾਂ ਤੋਂ ਜਵਾਬ-ਤਲਬੀ ਕੀਤੀ ਗਈ ਹੈ, ਜਿਨ੍ਹਾਂ ਨੂੰ ਆਪਣਾ ਪੱਖ ਰੱਖਣਾ ਹੋਵੇਗਾ ਕਿ ਆਖਰ ਨਤੀਜੇ ਐਨੇ ਘੱਟ ਕਿਉਂ ਆਏ ਹਨ। ਇਨ੍ਹਾਂ ਵਿਚੋਂ 20 ਫ਼ੀਸਦੀ ਤੋਂ ਘੱਟ ਨਤੀਜੇ ਵਾਲੇ ਆਧਿਆਪਕਾਂ ਨੂੰੂ ਸ਼ਾਮਿਲ ਕੀਤਾ ਗਿਆ ਹੈ।