ਬਠਿੰਡਾ: ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਕਲਮ ਬੰਦ ਹੜਤਾਲ ਕਰਦਿਆਂ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਗਏ। ਪੰਜਾਬ ਸਟੇਟ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਹੜਤਾਲ ਦੇ ਇਸ ਸੱਦੇ 'ਤੇ ਬਠਿੰਡਾ ਦੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਵੀ ਆਪਣੀਆਂ ਮੰਗਾਂ ਮਨਵਾਉਣ ਖਾਤਰ ਆਪਣਾ ਕੰਮ ਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਜ਼ਮਾਂ ਦੀ ਤਨਖਾਹਾਂ ਵਧਾਉਣ ਤੇ ਖਾਲੀ ਅਸਾਮੀਆਂ ਭਰਨ ਦੀ ਮੰਗ ਹੈ। ਮੁਲਾਜ਼ਮਾਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪਹਿਲ ਦੇ ਆਧਾਰ 'ਤੇ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੇਘ ਸਿੰਘ ਨੇ ਕਿਹਾ, "ਅਸੀਂ ਇਹ ਹੜਤਾਲ ਲੋਕ ਹਿੱਤ ਵਿੱਚ ਕਰ ਰਹੇ ਹਾਂ ਕਿਉਂਕਿ ਪੂਰੇ ਪੰਜਾਬ ਵਿੱਚ ਕਲਰਕਾਂ ਦੀਆਂ ਤਕਰੀਬਨ 3700 ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਲੋਕਾਂ ਨੂੰ ਸਮੇਂ ਸਿਰ ਪੂਰੀਆਂ ਸਰਕਾਰ ਸੇਵਾਵਾਂ ਨਹੀਂ ਮਿਲਦੀਆਂ।" ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਨਵੇਂ ਭਰਤੀ ਕੀਤੇ ਗਏ ਦਰਜਾਚਾਰ ਮੁਲਾਜ਼ਮਾਂ ਦੀ ਤਨਖਾਹ ਸਿਰਫ 4900 ਰੁਪਏ ਹੈ ਜਦਕਿ ਕਲਰਕਾਂ ਦੀ ਤਨਖਾਹ ਸਿਰਫ 10 ਹਜ਼ਾਰ ਰੁਪਏ ਹੈ। ਸਰਕਾਰ ਉਨ੍ਹਾਂ ਤੋਂ ਪੂਰਾ ਕੰਮ ਲੈਂਦੀ ਹੈ। ਇਸ ਕਰਕੇ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਸਿਰਫ 10 ਹਜ਼ਾਰ ਪ੍ਰਤੀ ਮਹੀਨਾ ਨਾਲ ਕੋਈ ਵੀ ਆਪਣਾ ਪਰਿਵਾਰ ਨਹੀਂ ਚਲਾ ਸਕਦਾ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਪੂਰੀ ਤਨਖਾਹ ਮਿਲਣ ਕਾਰਨ ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਡੀਸੀ ਦਫ਼ਤਰ ਵਿੱਚ ਆਪਣਾ ਕੰਮਕਾਜ ਕਰਵਾਉਣ ਆਏ ਲੋਕਾਂ ਨੂੰ ਵੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਹ ਕਈ-ਕਈ ਕਿਲੋਮੀਟਰ ਦੂਰੋਂ ਆਪਣਾ ਕੰਮ-ਧੰਦਾ ਛੱਡ ਕੇ ਇੱਥੇ ਪਹੁੰਚੇ ਹਨ ਪਰ ਇਸ ਹੜਤਾਲ ਦੇ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪੈ ਰਿਹਾ ਹੈ।